ਚੰਡੀਗੜ੍ਹ: ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਦੀ ਥਾਂ ਪਟਿਆਲਾ-ਸੰਗਰੂਰ ਸੜਕ ‘ਤੇ ਮਹਿਮੂਦਪੁਰ ਦੀ ਮੰਡੀ ਕਰਜ਼ਾ ਮੁਕਤੀ ਪੰਜ ਰੋਜ਼ਾ ਧਰਨੇ ਦੀ ਸ਼ੁਰੂਆਤ ਕੀਤੀ ਗਈ। ਕਿਸਾਨ ਆਗੂਆਂ ਨੇ ਇੱਕਠੇ ਹੋਏ ਕਿਸਾਨਾਂ ਨੂੰ ਸੰਬੋਧਨ ਕੀਤਾ।
ਭਾਰੀ ਪੁਲਿਸ ਦੀ ਤਾਇਨਾਤੀ ਦੇ ਬਾਵਜੂਦ ਇਸ ਧਰਨੇ ਵਿੱਚ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਪਹੁੰਚ ਰਹੇ ਹਨ। ਪ੍ਰਸ਼ਾਸ਼ਨ ਨੇ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਕਰੀਬ 2000 ਪੁਲਿਸ ਕਰਮੀ ਤੇ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੇ ਹਨ। ਕਰਜ਼ਾ ਮੁਕਤੀ ਲਈ ਪੰਜਾਬ ਸਰਕਾਰ ਦੇ ਖਿਲਾਫ ਇਹ ਧਰਨਾ ਪੰਜ ਦਿਨ ਚੱਲਣਾ ਹੈ। ਇਸ ਵਿੱਚ ਪੰਜਾਬ ਦੇ ਹਰ ਜਿਲ੍ਹੇ ਤੋਂ ਹਜ਼ਾਰਾਂ ਕਿਸਾਨ ਹਰ ਦਿਨ ਇੱਕਠੇ ਹੋਣਗੇ।
ਜਿਕਰਯੋਗ ਹੈ ਕਿ ਇਸ ਧਰਨੇ ਨੂੰ ਫੇਲ੍ਹ ਕਰਨ ਲਈ ਪਿਛਲੇ ਦਿਨਾਂ ਤੋਂ ਵੱਡੇ ਪੱਧਰ ਤੇ ਕਿਸਾਨਾ ਦੀਆਂ ਗ੍ਰਿਫਤਾਰੀਆਂ ਹੋਈ ਹਨ। ਕਈ ਥਾਂਵਾ ਤੇ ਪੁਲਿਸ ਛਾਪੇਮਾਰੀ ਦੌਰਾਨ ਕਿਸਾਨਾਂ ਤੇ ਪੁਲਿਸ ਦਰਮਿਆਨ ਝੜਪਾਂ ਵੀ ਹੋਈਆਂ। ਕਿਸਾਨਾਂ 'ਤੇ ਕੇਸ ਵੀ ਦਰਜ ਹੋਏ। ਹਾਈਕੋਰਟ ਦੇ ਆਦੇਸ਼ ਤੋਂ ਬਾਅਦ ਕਿਸਾਨਾਂ ਨੂੰ ਧਰਨੇ ਲਈ ਬਦਲਵੀਂ ਜਗ੍ਹਾ ਦਿੱਤੀ ਗਈ।