ਮਾਨਸਾ: ਬੁਢਲਾਡਾ ਨੇੜਲੇ ਪਿੰਡ ਅਹਿਮਦਪੁਰ ਦੇ ਇਕ ਕਿਸਾਨ ਮਿਸ਼ਰਾ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ।
ਜਾਣਕਾਰੀ ਮੁਤਾਬਿਕ ਕਿਸਾਨ 2 ਏਕੜ ਜ਼ਮੀਨ ਤੇ ਖੇਤੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ, ਜਿਸ ਸਿਰ 2 ਲੱਖ ਦੇ ਕਰੀਬ ਆੜ੍ਹਤੀ ਦਾ, ਡੇਢ ਕੁ ਲੱਖ ਸੁਸਾਇਟੀ ਦਾ ਅਤੇ 5 ਲੱਖ ਤੋਂ ਵੱਧ ਬੈਂਕ ਦਾ ਕਰਜ਼ਾ ਸੀ ਅਤੇ ਕੁਝ ਦਿਨ ਪਹਿਲਾਂ ਬੈਂਕ ਵੱਲੋਂ ਉਸ ਨੂੰ ਕਰਜ਼ ਭਰਨ ਲਈ ਭੇਜੇ ਅਦਾਲਤੀ ਨੋਟਿਸ ਤੋਂ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ ਕਿਉਂਕਿ ਇਸ ਸਬੰਧੀ ਕੁਝ ਦਿਨ ਬਾਅਦ ਹੀ ਅਦਾਲਤ 'ਚ ਪੇਸ਼ੀ ਨਿਰਧਾਰਤ ਸੀ, ਜਿਸ ਦੇ ਚੱਲਦਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਉਸ ਨੇ ਖੁਦਕੁਸ਼ੀ ਕਰ ਲਈ।

ਦੂਜੀ ਘਟਨਾ ਵਿੱਚ ਸੀਂਗੋ ਮੰਡੀ ਦੇ ਲਾਗਲੇ ਪਿੰਡ ਨੰਗਲਾ ਦੇ ਕਿਸਾਨ ਨਿਰਮਲ ਸਿੰਘ (37) ਪੁੱਤਰ ਨਾਜ਼ਮ ਸਿੰਘ ਲਗਭਗ ਤਿੰਨ ਏਕੜ ਜ਼ਮੀਨ ਦਾ ਮਾਲਕ ਨੇ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ ਹੈ। ਇਸ ਸਬੰਧੀ ਪਿੰਡ ਨੰਗਲਾ ਦੇ ਕਿਸਾਨ ਆਗੂ ਯੋਧਾ ਸਿੰਘ ਨੰਗਲਾ ਤੇ ਨੰਬਰਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਕਿਸਾਨ ਸਿਰ ਤੇ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਦਾ ਲੱਖਾਂ ਦਾ ਕਰਜ਼ਾ ਸੀ ਜਿਸ ਤੋਂ ਪੇ੍ਰਸ਼ਾਨ ਹੋ ਕੇ ਉਸ ਨੇ ਆਪਣੇ ਖੇਤ ਜਾ ਕੇ ਕੋਈ ਕੀਟਨਾਸ਼ਕ ਦਵਾਈ ਪੀ ਕੇ ਆਤਮਹੱਤਿਆ ਕਰ ਲਈ ਹੈ।

ਕਿਸਾਨ ਆਪਣੇ ਪਿਛੇ ਪਤਨੀ ਸਮੇਤ ਤਿੰਨ ਲੜਕੀਆਂ ਤੇ ਇਕ ਲੜਕਾ ਛੱਡ ਗਿਆ ਹੈ | ਸੀਂਗੋ ਮੰਡੀ ਚੌਕੀ ਦੇ ਇੰਚਾਰਜ ਭੁਪਿੰਦਰਜੀਤ ਸਿੰਘ ਨੇ ਆਤਮ ਹੱਤਿਆ ਦੀ ਪੁਸ਼ਟੀ ਕਰਦਿਆਂ ਲਾਸ ਦਾ ਪੋਸਟ ਮਾਰਟਮ ਕਰਨ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।