ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਵੱਡਾ ਵਾਅਦਾ ਤਾਂ ਕਰ ਲਿਆ ਹੈ ਪਰ ਖ਼ਜ਼ਾਨੇ ਦੀ ਹਾਲਤ ਬਹੁਤ ਮਾੜੀ ਹੈ। ਸਰਕਾਰ ਨੂੰ ਇਸ ਮਹੀਨੇ ਕਰੀਬ 3.92 ਲੱਖ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਦੇ ਲਾਲੇ ਪੈ ਗਏ ਸਨ ਤੇ ਮੁਲਾਜ਼ਮਾਂ ਨੂੰ 15 ਸਤੰਬਰ ਤਕ ਤਨਖ਼ਾਹ ਮਿਲੀ ਹੈ।

ਹੁਣ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਲਈ ਕਰੀਬ 3600 ਕਰੋੜ ਸਹਿਕਾਰੀ ਬੈਂਕਾਂ ਅਤੇ 6 ਹਜ਼ਾਰ ਕਰੋੜ ਰੁਪਏ ਕਮਰਸ਼ੀਅਲ ਤੇ ਪ੍ਰਾਈਵੇਟ ਬੈਂਕਾਂ ਦਾ ਛੇ ਮਹੀਨੇ ਦਾ ਕਰੀਬ 400 ਕਰੋੜ ਰੁਪਏ ਵਿਆਜ ਸਮੇਤ ਮੋੜਨ ਦਾ ਭੁਗਤਾਨ ਕਰਨਾ ਹੈ। ਸਰਕਾਰ ਇਸ ਵਾਅਦੇ ਦੀ ਪੂਰਤੀ ਕਰਨ ਲਈ ਹੋਰ ਕਰਜ਼ਾ ਲਵੇਗੀ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਬੈਂਕਾਂ ਦਾ ਕਿਸਾਨਾਂ ਦੇ ਕਰਜ਼ੇ ਦਾ ਭੁਗਤਾਨ ਕਰਨ ਲਈ ਹੋਰ ਕਰਜ਼ਾ ਲਵੇਗੀ। ਇਸ ਤਰ੍ਹਾਂ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬੀ ਸਰਕਾਰ 'ਤੇ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ।