ਚੰਡੀਗੜ੍ਹ: ਪਟਿਆਲਾ ਵਿਖੇ ਪੰਜ ਦਿਨਾ ਕਰਜ਼ਾ ਮੁਕਤੀ ਕਿਸਾਨ ਮੋਰਚਾ ਵਿੱਚ ਸ਼ਾਮਲ ਹੋਏ ਕਿਸਾਨ ਆਗੂ ਮੁਖ਼ਤਿਆਰ ਸਿੰਘ(55) ਦੀ ਦਿਮਾਗੀ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਜਥੇਬੰਦੀਆਂ ਨੇ ਮੁਖ਼ਤਿਆਰ ਸਿੰਘ ਸਪੁੱਤਰ ਗੁਰਦੇਵ ਸਿੰਘ ਨੂੰ ਮੋਰਚੇ ਦਾ ਸ਼ਹੀਦ ਐਲਾਨਦਿਆਂ ਸਰਕਾਰ ਤੋਂ ਦਸ ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਦੇ ਨਾਲ ਉਸ ਦਾ ਸਾਰਾ ਕਰਜ਼ਾ ਮੁਆਫ਼ ਮਾਫ਼ ਕਰਨ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰੈੱਸ ਸਕੱਤਰ ਗੋਰਾ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਬੀਤੀ ਰਾਤ ਬਾਰਸ਼ ਪੈਣ ਸਮੇਂ ਕਿਸਾਨ ਨੂੰ ਦਿਮਾਗੀ ਦੌਰਾ ਪੈ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਰਜਿੰਦਰ ਦਾਖਲ ਕਰਵਾਇਆ ਗਿਆ। ਹਾਲਤ ਮਾੜੀ ਹੋਣ ਤੇ ਹਸਪਤਾਲ ਨੇ ਪੀਜੀਆਈ(ਚੰਡੀਗੜ੍ਹ) ਰੈਫ਼ਰ ਕਰ ਦਿੱਤਾ। ਜਿਸ ਤੋਂ ਬਾਅਦ ਅੱਜ ਪੀਜੀਆਈ ਨੇ ਇਸ ਨੂੰ ਮ੍ਰਿਤਕ ਐਲਾਨ ਦਿੱਤਾ।
ਆਗੂ ਗੋਰਾ ਸਿੰਘ ਮੁਤਾਬਿਕ ਮੁਖ਼ਤਿਆਰ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਮਾਨਸਾ ਇਕਾਈ ਦਾ ਪ੍ਰਧਾਨ ਸੀ। ਉਸ ਸਿਰ ਤੇ ਕਰੀਬ 10 ਲੱਖ ਕਰਜ਼ਾ ਹੈ। ਉਸ ਦੇ ਦੋ ਲੜਕੇ ਤੇ ਦੋ ਲੜਕੀਆਂ ਹਨ, ਜਿਹੜੇ ਕਿ ਵਿਆਹ ਹੋਏ ਹਨ। ਕਿਸਾਨ ਆਗੂ ਮੁਤਾਬਿਕ ਉਹ ਜਥੇਬੰਦੀ ਦਾ ਅਣਥੱਕ ਮਿਹਨਤੀ ਆਗੂ ਸੀ,ਜਿਹੜਾ ਕਿ ਕਿਸਾਨ ਦੇ ਇੱਕ ਫ਼ੋਨ ਉੱਤੇ , ਆਪਣੇ ਸਾਰੇ ਕੰਮ ਛੱਡ ਕੇ ਇਸ ਦੀ ਮਦਦ ਕਰਨ ਲਈ ਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਉਨ੍ਹਾਂ ਤੇ ਕਰਜ਼ਾ ਚੜ੍ਹਿਆ ਹੋਇਆ ਹੈ। ਉਨ੍ਹਾਂ ਨੂੰ ਕਰਜ਼ਾ ਮੁਆਫ਼ ਕਰਨ ਲਈ ਗਰਮ ਜਾ ਸਰਦੀ ਵਿੱਚ ਸੜਕਾਂ ਤੇ ਧਰਨੇ ਲਾਉਣ ਨੂੰ ਮਜਬੂਰ ਹੋਣ ਪੈ ਰਿਹਾ ਹੈ।