ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਏਬੀਪੀ ਸਾਂਝਾ | 23 Sep 2017 03:45 PM (IST)
ਪਿੰਡ ਕੋਟਗੁਰੂ ਦੇ ਸ਼ਮਸ਼ਾਨਘਾਟ ਵਿਚ ਕੱਢੀ ਗਈ ਕੰਧ
ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ ਪੰਜਾਬ ਵਿੱਚ ਜਾਤੀ ਵਿਤਕਰਿਆਂ ਦੀਆਂ ਅਨੇਕਾਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਪਰ 'ਦਸਵੇਂ ਪਾਤਸ਼ਾਹੀ' ਦੇ ਚਰਨ ਛੋਹ ਪ੍ਰਾਪਤ ਬਠਿੰਡਾ ਦੇ ਇਤਿਹਾਸਕ ਪਿੰਡ ਕੋਟਗੁਰੂ ਵਿਖੇ ਦਲਿਤ ਭਾਈਚਾਰੇ ਨਾਲ ਵਿਤਕਰੇ ਦੀ ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਆਮ ਤੌਰ 'ਤੇ ਅਕਸਰ ਜਿੰਦਾ ਵਿਅਕਤੀਆਂ ਨਾਲ ਵਿਤਕਰੇ ਦੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ ਪਰ ਇਸ ਪਿੰਡ ਵਿੱਚ ਤਾਂ ਮੁਰਦਿਆਂ ਨਾਲ ਹੀ ਜਾਤੀ ਵਿਤਕਰਾ ਹੁੰਦਾ ਹੈ। ਪਿੰਡ 'ਚ ਦਲਿਤਾਂ 'ਤੇ ਜਰਨਲ ਵਰਗ ਦੇ ਲੋਕਾਂ ਦੇ ਸਿਵੀਆ ਵਿਚਾਲੇ ਪੰਚਾਇਤ ਨੇ ਕੰਧ ਕੱਢੀ ਹੈ, ਜਿਸ ਕਾਰਨ ਦਲਿਤ ਮੁਰਦੇ ਦੀ ਅਰਥੀ ਤਸਵੀਰ 'ਚ ਦਿਸਦੀ ਕੰਧ ਦੇ ਉੱਪਰ ਲੰਘਾਉਂਦੇ ਹਨ ਕਿਉਂਕਿ ਦਲਿਤਾਂ ਦੇ ਅੱਡ ਕੀਤੇ ਸਿਵੀਆ ਨੂੰ ਕੋਈ ਰਾਹ ਨਹੀਂ ਹੈ। ਇਸ ਸਬੰਧੀ ਵਿੱਚ ਪਿੰਡ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਜਸਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਸਾਰਿਆਂ ਲਈ ਇੱਕੋ ਹੀ ਸ਼ਮਸ਼ਾਨਘਾਟ ਹੁੰਦਾ ਸੀ ਫਿਰ ਬਾਅਦ ਵਿੱਚ ਗੰਧ ਬਣਾ ਕੇ ਇਸ ਸ਼ਮਸ਼ਾਨਘਾਟ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਇੱਕ ਜਰਨਲ ਵਰਗ ਲਈ ਤੇ ਦੂਜਾ ਦਲਿਤ ਭਾਈਚਾਰੇ ਲਈ। ਇੰਨਾ ਹੀ ਨਹੀਂ ਦਲਿਤ ਭਾਈਚਾਰੇ ਦੇ ਸ਼ਮਸ਼ਾਨਘਾਟ ਨੂੰ ਜਾਂਦਾ ਰਸਤਾ ਵੀ ਕੰਧ ਬਣਾ ਕੇ ਬੰਦ ਕਰ ਦਿੱਤਾ ਗਿਆ। ਕੰਧ ਵਿਚਕਾਰ ਇੱਕ ਆਰਜ਼ੀ ਗੇਟ ਰੱਖਿਆ ਗਿਆ ਸੀ ਜਿਹੜਾ ਕਿ ਕੰਧ ਬਣਾ ਕੇ ਬੰਦ ਕਰ ਦਿੱਤਾ। ਮੌਤ ਹੋਣ ਤੇ ਦਲਿਤ ਭਾਈਚਾਰੇ ਦੇ ਲੋਕ ਮ੍ਰਿਤਕ ਦੇਹ ਨੂੰ ਇਸ ਕੰਧ ਤੋਂ ਉੱਤੋਂ ਚੁੱਕੇ ਲੈ ਕੇ ਜਾਂਦੇ ਹਨ, ਕਿਉਂਕਿ ਅਰਥੀ ਨੂੰ ਸਿਵੀਆ ਵਿੱਚ ਲੈ ਕੇ ਜਾਣ ਦਾ ਹੋਰ ਕੋਈ ਰਸਤਾ ਨਹੀਂ ਹੈ। ਪਿੰਡ ਕੋਟਗੁਰੂ ਦੇ ਸ਼ਮਸ਼ਾਨਘਾਟ ਵਿਚ ਕੱਢੀ ਗਈ ਕੰਧ ਪਿੰਡ ਦੇ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਅਕਾਲੀ ਦਲ ਨਾਲ ਸਬੰਧਿਤ ਮਹਿਲਾ ਸਰਪੰਚ ਹੈ ਪਰ ਸਾਰਾ ਕੰਮ ਉਸ ਦਾ ਘਰ ਵਾਲਾ ਬਲਕਰਨ ਸਿੰਘ ਹੀ ਕਰਦਾ ਹੈ। ਸਰਪੰਚ ਨੇ ਬਿਨਾ ਕਿਸੇ ਪੰਚਾਇਤੀ ਮਤੇ ਤੋਂ ਇਸ ਗੰਧ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਜ਼ਿਆਦਾਤਰ ਘਰ ਦਲਿਤ ਭਾਈਚਾਰੇ ਦੇ ਹਨ। ਇਸ ਭਾਈਚਾਰੇ ਦੇ ਲੋਕ ਪਿੰਡ ਦੇ ਭੱਠਿਆਂ ਵਿੱਚ ਹੀ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਲਾਕੇ ਦੇ ਸ਼ਰਾਬ ਫ਼ੈਕਟਰੀਆਂ ਵਿੱਚ ਵੀ ਕੰਮ ਕਰਦੇ ਹਨ। ਪਿੰਡ ਵਿੱਚ ਜ਼ਿਆਦਾਤਰ ਛੋਟੀ ਜਾਂ ਸੀਮਾਂਤ ਕਿਸਾਨੀ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਲਛਮਣ ਸੇਵੇਵਾਲ ਨੇ ਕਿਹਾ ਕਿ ਪਿੰਡ ਦਲਿਤ ਭਾਈਚਾਰੇ ਦੋ ਲੋਕਾਂ ਨੇ ਇਸਦੀ ਸ਼ਿਕਾਇਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੰ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮੁੱਦਾ ਛੇਤੀ ਹੱਲ ਨਾ ਹੋਇਆ ਤਾਂ ਉਨ੍ਹਾਂ ਦੀ ਜੱਥੇਬੰਦੀ ਸੰਘਰਸ਼ ਕਰੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਰਵਰੀ 2017 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਕੰਧ ਬਣੀ ਹੈ। ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਵਿਚ ਦਲਿਤ ਭਾਈਚਾਰੇ ਲਈ ਰਾਖਵੀਂ ਸੀਟ 'ਤੇ ਆਪ ਦੀ ਉਮੀਦਵਾਰ ਰੁਪਿੰਦਰ ਕੌਰ ਰੂਬੀ ਜਿੱਤ ਗਈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪੰਚਾਇਤ, ਮਜ਼੍ਹਬੀ ਸਿੱਖਾਂ ਦੇ ਪ੍ਰਤੀ ਉਦਾਸ ਹੋ ਗਏ ਅਤੇ ਸ਼ਮਸ਼ਾਨ ਘਾਟ ਵਿਚ ਦੀਵਾਰ ਬਣਾ ਦਿੱਤੀ ਗਈ।ਹਾਲਾਂਕਿ ਪਿੰਡ ਵਾਲਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਦਲਿਤ ਭਾਈਚਾਰੇ ਨੇ ਆਪ ਦੀ ਵਿਧਾਇਕ ਨੂੰ ਵੋਟਾਂ ਨਾਲ ਜਿਤਾ ਤਾਂ ਦਿੱਤਾ ਪਰ ਰੂਬੀ ਨੇ ਅੱਜ ਤਕ ਦਲਿਤਾਂ ਦੀ ਬਾਤ ਨਹੀਂ ਪੁੱਛੀ ਹੈ। ਜ਼ਿਕਰਯੋਗ ਹੈ ਕਿ ਕੋਟਗੁਰੂ ਕੋਈ ਆਮ ਪਿੰਡ ਨਹੀਂ ਹੈ, ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ ਹੈ। ਜਿੱਥੇ ਹਰ ਸਾਲ ਇਤਿਹਾਸਕ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਪਿੰਡ ਵਾਸੀਆਂ ਮੁਤਾਬਿਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਤੋ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾਂਦੇ ਹੋਏ ਰਸਤੇ ਸਥਿਤ ਪਿੰਡਾਂ ਵਿੱਚ ਚਰਨ ਪਾਏ ਸਨ, ਜਿੰਨਾਂ ਵਿੱਚੋਂ ਕੋਟਗੁਰੂ ਵੀ ਇੱਕ ਸੀ। ਅੱਜ ਇਹ ਪਿੰਡ ਗੁਰੂ ਗੋਬਿੰਦ ਸਿੰਘ ਮਾਰਗ ਉੱਤੇ ਪੈਂਦਾ ਹੈ। ਬਰਾਬਰਤਾ ਤੇ ਮਨੁੱਖਤਾ ਦੀ ਗੱਲ ਕਰਨ ਵਾਲੇ ਸਿੱਖ ਧਰਮ ਦੇ ਪੈਰੋਕਾਰਾਂ ਲਈ ਵੀ ਸੁਆਲ ਖੜ੍ਹਾ ਹੁੰਦਾ ਹੈ, ਆਖ਼ਿਰ ਸਿੱਖੀ ਕਿੱਧਰ ਜਾ ਰਹੀ ਹੈ? ਗੁਰਾਂ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਪਿੰਡ ਵਿੱਚ ਜੇਕਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਹੋਰ ਪਿੰਡਾਂ ਦਾ ਕੀ ਹਾਲ ਹੋਵੇਗਾ। ਪਿੰਡ ਵਾਲਿਆਂ ਮੁਤਾਬਿਕ ਇਸ ਪਿੰਡ ਦਾ ਇੱਕ ਹੋਰ ਇਤਿਹਾਸ ਵੀ ਹੈ। ਇਸ ਪਿੰਡ ਦੀ ਕਰੀਬ 3 ਤਿੰਨ ਹਜ਼ਾਰ ਏਕੜ ਜ਼ਮੀਨ ਦਾ ਮਾਲਕ ਸੋਢੀ ਜਗੀਰਦਾਰ ਸੀ। ਇਸ ਜ਼ਮੀਨ ਉੱਤੇ ਪਿੰਡ ਦੇ ਮੁਜ਼ਾਰੇ ਕਿਸਾਨਾਂ ਖੇਤੀ ਕਰਦੇ ਸਨ। ਆਜ਼ਾਦੀ ਤੋਂ ਬਾਅਦ ਜਦੋਂ ਮੁਜ਼ਾਰੇ ਕਿਸਾਨਾਂ ਨੇ ਸੰਘਰਸ਼ ਦੌਰਾਨ ਜਦੋਂ ਜ਼ਮੀਨ ਉੱਤੇ ਆਪਣਾ ਹੱਕ ਜਤਾਇਆ ਤਾਂ ਜ਼ਮੀਨ ਦੀ ਉੱਚੀ ਬੋਲੀ ਲੱਗਾ ਦਿੱਤੀ। ਜਿਹੜੀ ਕਿ ਪਿੰਡ ਵਿੱਚ ਕੋਈ ਅਦਾ ਨਾ ਕਰ ਸਕਿਆ ਤੇ ਪਿੰਡ ਦੀ ਜ਼ਮੀਨ ਬਾਹਰ ਵਾਲਿਆਂ ਨੇ ਖ਼ਰੀਦ ਲਈ। ਜਿਸ ਕਾਰਨ ਮੁਜ਼ਾਹਰੇ ਕਿਸਾਨਾਂ ਆਪਣੇ ਹੱਕ ਤੋਂ ਵਾਂਝੇ ਰਹਿ ਗਏ। ਇਸ ਕੰਧ ਦੀ ਵੀਡੀਉ ਦੇਖਣ ਲਈ ਇਸ ਲਿੰਕ ਉਤੇ ਕਲਿੱਕ ਕਰੋ।