ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕਿਸਾਨਾਂ ਦਾ ਮੁਕੰਮਲ ਕਰਜ਼ਾ ਮਾਫ਼ ਕਰਨ ਦੀ ਮੰਗ ਨੂੰ ਲੈ ਕੇ 22 ਜਨਵਰੀ ਤੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀਆਂ ਮੀਟਿੰਗਾਂ ਉਪਰੰਤ ਪਿੰਡ-ਪਿੰਡ ਮੀਟਿੰਗਾਂ, ਰੈਲੀਆਂ, ਨੁੱਕੜ-ਨਾਟਕ, ਜਾਗੋ/ਝੰਡਾ ਮਾਰਚ ਕਰਨ ਦੇ ਨਾਲ-ਨਾਲ ਕਿਸਾਨਾਂ-ਮਜ਼ਦੂਰਾਂ ਦੀ ਵਿਸ਼ਾਲ ਲਾਮਬੰਦੀ ਲਈ ਹਜ਼ਾਰਾਂ ਦੀ ਗਿਣਤੀ 'ਚ ਹੱਥ-ਪਰਚੇ ਵੰਡੇ ਜਾਣਗੇ ਤੇ ਕੰਧ-ਪੋਸਟਰ ਲਾਏ ਜਾਣਗੇ। ਆਪਣੇ ਬਿਆਨ 'ਚ ਕਿਸਾਨ ਆਗੂਆਂ ਨੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਕਿਸਾਨਾਂ ਦੀ ਮੁਕੰਮਲ ਕਰਜ਼ਾ-ਮੁਕਤੀ ਦੇ ਚੋਣ-ਵਾਅਦੇ ਤੋਂ ਭੱਜ ਚੁੱਕੀ ਹੈ। ਪਹਿਲਾਂ ਤਾਂ 5 ਏਕੜ ਤਕ ਮਾਲਕੀ ਵਾਲੇ ਕਿਸਾਨਾਂ ਦੇ ਸਿਰਫ ਫ਼ਸਲੀ ਕਰਜ਼ੇ ਦੋ ਲੱਖ ਤਕ ਦੀ ਮਾਫ਼ੀ ਦਾ ਐਲਾਨ ਕਰ ਕੇ ਹੋਰ ਸਾਰੇ ਜਾਨਲੇਵਾ ਕਰਜ਼ਿਆਂ ਦੀ ਮਾਫ਼ੀ ਤੋਂ ਕੋਰੀ ਨਾਂਹ ਕਰ ਦਿੱਤੀ। ਫੇਰ ਕੀਤੇ ਗਏ ਐਲਾਨ 'ਚੋਂ ਵੀ ਢਾਈ ਏਕੜ ਤੋਂ ਉਪਰ ਵਾਲੇ ਕਿਸਾਨਾਂ ਨੂੰ ਵੀ ਇਸ ਸ਼ਰਤ ਰਾਹੀਂ ਬਾਹਰ ਧੱਕ ਦਿੱਤਾ ਕਿ ਜੇ ਕੁਲ ਫ਼ਸਲੀ ਕਰਜ਼ਾ 2 ਲੱਖ ਤੋਂ ਉੱਪਰ ਹੋਇਆ ਤਾਂ ਕੋਈ ਮਾਫ਼ੀ ਨਹੀਂ ਹੋਵੇਗੀ।