ਬਠਿੰਡਾ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਮਾਨਸਾ ਦੀ ਅਗਵਾਈ ਵਿੱਚ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਨੇ ਰੋਹ ਭਰਪੂਰ ਧਰਨਾ ਦੇਣ ਉਪਰੰਤ ਪੂਰਨ ਕਰਜ਼ੇ ਮੁਕਤੀ ਲਈ ਡੀ.ਸੀ. ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ। ਸਰਕਾਰ ਵੱਲੋਂ ਐਲਾਨੇ ਕਰਜ਼ਾ ਰਾਹਤ ਨੂੰ ਨਿਗੂਣੀ ਕਰਾਰ ਦਿੰਦਿਆ ਬੁਲਾਰਿਆ ਨੇ ਮੰਗ ਕੀਤੀ ਕਿ ਲੋੜਵੰਦ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਵਿਸ਼ੇਸ਼ ਤੌਰ 'ਤੇ ਪੁੱਜੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਚੋਣਾਂ ਸਮੇਂ ਕੀਤੇ ਵਾਅਦੇ ਕਰਜ਼ੇ ਕੁਰਕੀ ਖਤਮ ਤੇ ਫਸਲ ਦੀ ਪੂਰੀ ਰਕਮ ਨੂੰ ਲਾਗੂ ਕਰਨ ਤੋਂ ਪੂਰੀ ਤਰ੍ਹਾਂ ਪਿੱਛੇ ਹੱਟ ਗਈ ਹੈ ਤੇ ਸਿਰਫ ਨਿਗੂਣੀ ਰਾਹਤ ਤੇ ਉੱਤਰ ਆਈ ਹੈ।
ਸਰਕਾਰ ਵੱਲੋਂ ਜਾਰੀ ਰਾਹਤ ਨੋਟੀਫਿਕੇਸ਼ਨ ਵਿੱਚ ਬੇਲੋੜੀਆਂ ਮਣਾਮੂੰਹੀ ਸ਼ਰਤਾ ਮੜ੍ਹ ਕੇ ਸਿਰਫ ਕਰਜ਼ਾ ਮਾਫੀ ਦੀ ਰਸਮ ਪੂਰਤੀ ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਪੂਰੇ ਦੇਸ਼ ਦਾ ਪੇਟ ਭਰਨ ਲਈ ਅਨਾਜ ਪੈਦਾ ਕੀਤਾ ਤੇ ਕਰਜ਼ੇ ਦੇ ਜਾਲ ਵਿੱਚ ਫਸਦਾ ਗਿਆ ਜੋ ਹੁਣ ਕਰਜ਼ਾ ਲਾਹੁਣ ਤੋਂ ਅਸਮੱਰਥ ਹੈ।
ਬੁਲਾਰਿਆਂ ਨੇ ਮੰਗ ਕੀਤੀ ਕਿ ਜਾਰੀ ਕੀਤੀਆਂ ਕਰਜ਼ਾ ਮਾਫੀ ਸੂਚੀਆਂ ਵਿੱਚ ਸਾਰੇ ਯੋਗ ਕਿਸਾਨਾਂ ਨੂੰ ਸ਼ਾਮਲ ਕੀਤਾ ਜਾਵੇ। ਢਾਈ ਤੋਂ ਪੰਜ ਏਕੜ ਵਾਲੀ ਸੂਚੀ ਤੁਰੰਤ ਜਾਰੀ ਕੀਤੀ ਜਾਵੇ।