ਮੁਹਾਲੀ: ਮੋਰਿੰਡਾ ਦੀ ਖੰਡ ਮਿੱਲ ਵੱਲੋਂ ਕਿਸਾਨਾਂ ਦਾ ਰਹਿੰਦਾ ਸੱਤ ਕਰੋੜ ਰੁਪਏ ਗੰਨੇ ਦਾ ਬਕਾਇਆ ਨਾ ਦੇਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਮਿੱਲ ਵਿੱਚ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕਰਜ਼ਾ ਕੇ ਕੁਰਕੀ ਖ਼ਤਮ ਕੀਤੀ ਜਾਏਗੀ ਤੇ ਫ਼ਸਲ ਦੀ ਪੂਰੀ ਰਕਮ ਮਿਲੇਗੀ। ਹਾਲਤ ਇਹ ਹੈ ਕਿ ਨਾ ਕਰਜ਼ਾ ਖ਼ਤਮ ਕੀਤਾ, ਨਾ ਹੀ ਕੁਰਕੀ ਤੇ ਫ਼ਸਲ ਦੀ ਪੂਰੀ ਰਕਮ ਲਈ ਕਿਸਾਨਾਂ ਨੂੰ ਸੜਕਾਂ 'ਤੇ ਧਰਨੇ ਲਾਉਣੇ ਪੈ ਰਹੇ ਹਨ। ਪੰਜਾਬ ਦੀਆਂ ਪੰਜ ਸਹਿਕਾਰੀ ਮਿੱਲਾਂ ਵੱਲ ਕਿਸਾਨਾਂ ਦਾ 46 ਕਰੋੜ ਦਾ ਪਿਛਲੇ ਸਾਲ ਦਾ ਬਕਾਇਆ ਹੈ।



ਉਨ੍ਹਾਂ ਦੱਸਿਆ ਕਿ ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਹਾਲੇ ਤੱਕ ਮੋਰਿੰਡਾ ਮਿੱਲ ਨੇ ਕਿਸਾਨਾਂ ਦੇ ਗੰਨੇ ਦਾ ਸੱਤ ਕਰੋੜ ਬਕਾਇਆ ਨਹੀਂ ਦਿੱਤਾ। ਦੂਜੇ ਪਾਸੇ ਜਦੋਂ ਰੇਟ ਜ਼ਿਆਦਾ ਸੀ, ਉਦੋਂ ਖੰਡ ਨਾ ਵੇਚ ਕੇ ਮਿੱਲ ਨੂੰ 8-10 ਕਰੋੜ ਦਾ ਘਾਟਾ ਵਿੱਚ ਪਾ ਦਿੱਤਾ ਹੈ। ਕਿਸਾਨ ਆਗੂ ਨੇ ਕਿਹਾ ਕਿ ਮਿੱਲ ਨੇ ਕਿਸਾਨਾਂ ਦਾ ਬਕਾਇਆ ਤਾਂ ਕੀ ਦੇਣ ਸੀ ਉਲਟਾ ਗੰਨੇ ਦੀ ਪ੍ਰਤੀ ਕੁਇੰਟਲ ਪੈਨਲਟੀ ਵਿੱਚ ਵਾਧਾ ਕਰ ਦਿੱਤਾ। ਇਹ ਪੈਨਲਟੀ ਕੁਇੰਟਲ ਪਿੱਛੇ 31 ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ। ਪਹਿਲਾਂ ਕੁਇੰਟਲ ਪਿੱਛੇ 10 ਰੁਪਏ ਸੀ। ਇਸ ਨਾਲ ਕਈ ਕਿਸਾਨਾਂ ਨੂੰ ਜਿੰਨਾ ਨੂੰ ਪਹਿਲਾ ਦਾ ਬਕਾਇਆ ਮਿਲਿਆ ਨਹੀਂ ਪਰ ਮਿੱਲਾਂ ਜੁਰਮਾਨਾ ਪਹਿਲਾਂ ਹੀ ਲੈਣ ਲੱਗੇ। ਇਹ ਵਾਧਾ ਪੰਜਾਬ ਵਿੱਚ ਸਿਰਫ਼ ਸਹਿਕਾਰੀ ਮਿੱਲਾਂ ਹੀ ਲੈ ਰਹੀਆਂ ਹਨ ਪ੍ਰਾਈਵੇਟ ਨਹੀਂ।



ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਮਾਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਹਰਿਆਣਾ ਵਾਂਗ ਗੰਨੇ ਦਾ ਰੇਟ 350 ਰੁਪਏ ਪ੍ਰਤੀ ਕੁਇੰਟਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਆਲੂ ਰੁਲ ਰਿਹਾ ਹੈ। ਸਰਕਾਰ ਨੂੰ ਹਰਿਆਣਾ ਵਾਂਗ ਹੀ ਕਿਸਾਨਾਂ ਤੋਂ ਆਲੂ ਖ਼ਰੀਦਣਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਮਿੱਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਰਹਿੰਦਾ ਬਕਾਇਆ ਨਾ ਮਿਲਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।