ਚੰਡੀਗੜ੍ਹ: ਮੋਦੀ ਸਰਕਾਰ ਦੇ ਖੇਤੀ ਆਰਡੀਨੈਂਸਾਂ ਖਿਲਾਫ ਦੇਸ਼ ਭਰ ਅੰਦਰ ਕਿਸਾਨ ਇੱਕਜੁੱਟ ਹੋਣ ਲੱਗੇ ਹਨ। ਹਰਿਆਣਾ ਵਿੱਚ ਕਿਸਾਨਾਂ ਉੱਪਰ ਲਾਠੀਚਾਰਜ ਦੀ ਚਿੰਗਾੜੀ ਹੁਣ ਭਾਂਬੜ ਬਣਨ ਲੱਗੀ ਹੈ। ਦੇਸ਼ ਦੀਆਂ ਢਾਈ ਸੌ ਤੋਂ ਵੱਧ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਮੈਦਾਨ ਵਿੱਚ ਕੁੱਦ ਪਈਆਂ ਹਨ।

ਇਸ ਤਹਿਤ ‘ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਨੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਫੈਸਲਾਕੁਨ ਸੰਘਰਸ਼ ਦਾ ਐਲਾਨ ਕਰਦਿਆਂ 14 ਸਤੰਬਰ ਨੂੰ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਦੇ ਸ਼ੁਰੂਆਤੀ ਦਿਨ ਰੋਸ ਪ੍ਰਦਰਸ਼ਨਾਂ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਦੌਰਾਨ ਜਿੱਥੇ ਕਿਸਾਨ ਪਾਰਲੀਮੈਂਟ ਦੇ ਸਾਹਮਣੇ ਸੰਕੇਤਕ ਪ੍ਰਦਰਸ਼ਨ ਕਰਨਗੇ, ਉੱਥੇ ਹੀ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਵੀ ਵੱਡੀਆਂ ਕਿਸਾਨ-ਰੈਲੀਆਂ ਕੀਤੀਆਂ ਜਾਣਗੀਆਂ।

ਦੇਸ਼ ਭਰ ਦੀਆਂ ਢਾਈ ਸੌ ਕਿਸਾਨ ਜਥੇਬੰਦੀਆਂ ਦੀ ਸਾਂਝੀ ‘ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਵੱਲੋਂ ਵਜਾਏ ਸੰਘਰਸ਼ ਦੇ ਬਿਗੁਲ ਤਹਿਤ ਕੌਮੀ ਸੰਗਠਨ ’ਚ ਸ਼ੁਮਾਰ ਪੰਜਾਬ ਦੀਆਂ 10 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਪੰਜਾਬ ਵਿੱਚ 5 ਥਾਵਾਂ (ਅੰਮ੍ਰਿਤਸਰ, ਫਗਵਾੜਾ, ਬਰਨਾਲਾ, ਪਟਿਆਲਾ ਤੇ ਮੋਗਾ) ’ਤੇ ਕੇਂਦਰ ਸਰਕਾਰ ਖ਼ਿਲਾਫ਼ ਲਲਕਾਰ-ਰੈਲੀਆਂ ਕਰਨਗੀਆਂ।

ਕੌਮੀ ਕਮੇਟੀ ਦੇ ਆਗੂ ਤੇ ਡਕੌਂਦਾ ਗਰੁੱਪ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਨੇ ਦੱਸਿਆ ਕਿ ਰੈਲੀਆਂ ਦੀਆਂ ਤਿਆਰੀਆਂ ਸਿਖਰਾਂ ’ਤੇ ਹਨ। ਤਿਆਰੀਆਂ ਵਜੋਂ ਪਿੰਡਾਂ ਵਿੱਚ ਢੋਲ ਮਾਰਚ, ਮੀਟਿੰਗਾਂ ਤੇ ਨੁੱਕੜ ਮੀਟਿੰਗ ਤੇ ਮਸ਼ਾਲ-ਮਾਰਚਾਂ ਰਾਹੀਂ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।