ਨਵੀਂ ਦਿੱਲੀ: ਆਪਣੇ ਪੈਦਲ ਮਾਰਚ ਨਾਲ ਮਹਾਰਾਸ਼ਟਰ ਸਰਕਾਰ ਦੀਆਂ ਚੂਲਾਂ ਹਿਲਾ ਆਏ 30,000 ਕਿਸਾਨ ਮੰਗਾਂ ਦਾ ਹੱਲ ਨਜ਼ਰ ਆਉਣ ’ਤੇ ਹੁਣ ਘਰਾਂ ਨੂੰ ਪਰਤਣ ਲਈ ਤਿਆਰ ਹਨ। ਕਿਸਾਨਾਂ ਦੇ ਇਸ ਫ਼ੈਸਲੇ ਤੋਂ ਬਾਅਦ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਮੁੰਬਈ ਤੋਂ ਭੁਸਾਵਲ ਤਕ ਪਹੁੰਚਾਉਣ ਲਈ ਸੈਂਟਰਲ ਰੇਲਵੇ ਵੱਲੋਂ ਵਿਸ਼ੇਸ਼ ਰੇਲਾਂ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਘਟਨਾਕ੍ਰਮ ਤੋਂ ਖੁਸ਼ ਸੀਪੀਐਮ ਆਗੂ ਯੇਚੁਰੀ ਨੇ ਕਿਸਾਨਾਂ ਨੂੰ ‘ਭਾਰਤ ਦੇ ਨਵੇਂ ਜਵਾਨ’ ਕਰਾਰ ਦਿੱਤਾ ਜਿਹੜੇ ਮੰਗਾਂ ਨਾ ਮੰਨੇ ਜਾਣ ’ਤੇ ਸਰਕਾਰਾਂ ਨੂੰ ਉਖਾੜ ਸਕਦੇ ਹਨ।


ਆਪਣੀ ਮੰਗਾਂ ਮਨਵਾਉਣ ਲਈ ਨਾਸਿਕ ਤੋਂ ਇਥੇ ਪੁੱਜੇ ਹਜ਼ਾਰਾਂ ਕਿਸਾਨਾਂ ਅੱਗੇ ਮਹਾਰਾਸ਼ਟਰ ਸਰਕਾਰ ਨੂੰ ਝੁਕਣਾ ਪੈ ਗਿਆ ਸੀ। ਭਾਜਪਾ ਦੀ ਅਗਵਾਈ ਹੇਠਲੀ ਮਹਾਰਾਸ਼ਟਰ ਸਰਕਾਰ ਨੇ ਜੰਗਲੀ ਜ਼ਮੀਨ ’ਤੇ ਖੇਤੀ ਕਰਨ ਦਾ ਹੱਕ ਦੇਣ ਸਮੇਤ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲਿਆ ਹੈ। ਕਿਸਾਨਾਂ ਨੇ ਮੁੰਬਈ ਦੇ ਆਜ਼ਾਦ ਮੈਦਾਨ ’ਚ ਡੇਰਾ ਜਮਾਇਆ ਹੋਇਆ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਉਹ ਵਿਧਾਨ ਸਭਾ ਦਾ ਘਿਰਾਓ ਕਰਨਗੇ ਅਤੇ ਜੇਕਰ ਮੈਦਾਨ ’ਚੋਂ ਬਾਹਰ ਨਾ ਜਾਣ ਦਿੱਤਾ ਗਿਆ ਤਾਂ ਉਹ ਮਰਨ ਵਰਤ ਆਰੰਭ ਦੇਣਗੇ।

ਭਾਜਪਾ ’ਤੇ ਆਪਣੇ ਭਾਈਵਾਲ ਸ਼ਿਵ ਸੈਨਾ ਦਾ ਵੀ ਦਬਾਅ ਸੀ ਕਿਉਂਕਿ ਉਨ੍ਹਾਂ ਕਿਸਾਨਾਂ ਦੇ ਅੰਦੋਲਨ ਨੂੰ ਹਮਾਇਤ ਦਿੱਤੀ ਹੋਈ ਸੀ। ਨਾਸਿਕ ਤੋਂ ਪੈਦਲ ਛੇ ਦਿਨਾਂ ਵਿੱਚ 180 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਰੜੀ ਧੁੱਪ ’ਚ ਇਥੇ ਪੁੱਜੇ ਕਿਸਾਨਾਂ ਨੂੰ ਵੱਡੀ ਜਿੱਤ ਨਸੀਬ ਹੋਈ ਹੈ। ਇਨ੍ਹਾਂ ਵਿੱਚੋਂ ਕੁਝ ਤਾਂ ਨੰਗੇ ਪੈਰ ਸਨ।

ਵਿਧਾਨ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ,‘‘ਅਸੀਂ ਆਦਿਵਾਸੀਆਂ ਅਤੇ ਕਿਸਾਨਾਂ ਨੂੰ ਖੇਤੀ ਲਈ ਵਰਤੀ ਜਾ ਰਹੀ ਜੰਗਲਾਤ ਜ਼ਮੀਨ ਸੌਂਪਣ ਸਬੰਧੀ ਕਮੇਟੀ ਬਣਾਉਣ ਦੀ ਸਹਿਮਦੀ ਦੇ ਦਿੱਤੀ ਹੈ।’’ ਕਿਸਾਨਾਂ ਅਤੇ ਆਦਿਵਾਸੀਆਂ ਦੇ ਨੁਮਾਇੰਦਿਆਂ ਨਾਲ ਵਿਧਾਨ ਭਵਨ ’ਚ ਹੋਈ ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਆਦਿਵਾਸੀ 2005 ਤੋਂ ਪਹਿਲਾਂ ਜ਼ਮੀਨ ’ਤੇ ਖੇਤੀ ਕਰਨ ਦਾ ਸਬੂਤ ਦਿੰਦੇ ਹਨ ਤਾਂ ਖੇਤੀ ਵਾਲੀ ਜ਼ਮੀਨ ਅਲਾਟ ਕਰਨ ਲਈ ਕਮੇਟੀ ਬਣਾਉਣ ਲਈ ਸਰਕਾਰ ਰਾਜ਼ੀ ਹੈ।