ਚੰਡੀਗੜ੍ਹ: 'ਏਬੀਪੀ ਨਿਊਜ਼' ਦੇ ਸ਼ਿਖਰ ਸੰਮੇਲਨ ਵਿੱਚ ਮੌਜੂਦਾ ਰਾਜ ਸਭਾ ਮੈਂਬਰ ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ 'ਤੇ ਵੱਡਾ ਹਮਲਾ ਕੀਤਾ ਹੈ। ਬਾਜਵਾ ਮੁਤਾਬਕ ਮੋਦੀ ਸਰਕਾਰ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਪਿਰਤ ਨੂੰ ਖ਼ਤਮ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਬਾਜਵਾ ਮੁਤਾਬਕ ਕੈਪਟਨ ਸਰਕਾਰ ਬਹੁਤਾ ਵਧੀਆ 'ਪਰਫੌਰਮ' ਨਹੀਂ ਕਰ ਸਕੀ।


ਬਾਜਵਾ ਨੇ ਇਲਜ਼ਾਮ ਲਾਇਆ ਕਿ ਬੀਤੇ ਦਿਨੀਂ ਪੰਜਾਬ ਆਈ ਨੀਤੀ ਆਯੋਗ ਦੀ ਟੀਮ ਨੇ ਸੂਬੇ ਵਿੱਚ ਪੈਦਾ ਹੋ ਰਹੀਆਂ ਮੁੱਖ ਫ਼ਸਲਾਂ ਕਣਕ ਤੇ ਚੌਲ਼ ਨੂੰ ਅੱਗੇ ਤੋਂ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਕਮਿਸ਼ਨ ਨੂੰ ਇਨ੍ਹਾਂ ਫ਼ਸਲਾਂ ਦੇ ਸਮਰਥਨ ਮੁੱਲ ਵਿੱਚ ਵਾਧਾ ਕਰਨ ਦੀ ਗੱਲ ਕਹੀ ਗਈ ਤਾਂ ਟੀਮ ਨੇ ਕੋਰਾ ਜਵਾਬ ਦੇ ਦਿੱਤਾ ਕਿ ਦੇਸ਼ ਵਿੱਚ ਹੋਰ ਸੂਬੇ ਹੁਣ ਇਸ ਸਥਿਤੀ ਵਿੱਚ ਹਨ ਜੋ ਇਸ ਅਨਾਜ ਦੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਪੰਜਾਬ ਦੇ ਅਨਾਜ ਦੀ ਲੋੜ ਹੀ ਨਹੀਂ।

ਬਾਜਵਾ ਨੇ ਇਸ ਗੱਲ ਨੂੰ ਆਧਾਰ ਮੰਨ ਕੇ ਮੋਦੀ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਉਹ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਖ਼ਤਮ ਕਰ ਸਕਦੀ ਹੈ।

ਕੈਪਟਨ ਸਰਕਾਰ 'ਤੇ ਟਿੱਪਣੀ ਕਰਦਿਆਂ ਰਾਜ ਸਭਾ ਮੈਂਬਰ ਨੇ ਕਿਹਾ ਕਿ ਨਸ਼ੇ ਦੇ ਮੁੱਦੇ 'ਤੇ ਕੈਪਟਨ ਸਰਕਾਰ ਕੁਝ ਖਾਸ ਨਹੀਂ ਕਰ ਪਾ ਰਹੀ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਨੂੰ ਨਸ਼ਾ ਖ਼ਤਮ ਕਰਨ ਲਈ ਸਿਰਫ ਪਾਸਿੰਗ ਮਾਰਕਸ ਹੀ ਦੇਣਗੇ।