ਬਠਿੰਡਾ: ਸਹਿਕਾਰੀ ਬੈਂਕਾਂ ਵੱਲੋਂ ਤੈਅ ਮਿੱਥੀ ਗਈ ਹੱਦ ਤੋਂ ਘੱਟ ਫ਼ਸਲੀ ਕਰਜ਼ ਦੇਣ ਦੇ ਰੋਸ ਵਿੱਚ ਕਿਸਾਨਾਂ ਨੇ ਕੋਆਪ੍ਰੇਟਿਵ ਬੈਂਕ ਦੀਆਂ ਸ਼ਾਖਾਵਾਂ ਦੇ ਅੱਗੇ ਧਰਨੇ ਲਾਏ। ਕਈ ਥਾਈਂ ਕਿਸਾਨਾਂ ਨੇ ਬੈਂਕ ਮੁਲਾਜ਼ਮਾਂ ਨੂੰ ਦਫ਼ਤਰ ਦੇ ਅੰਦਰ ਡੱਕ ਦਿੱਤਾ। ਚੌਦਾਂ ਹਜ਼ਾਰ ਰੁਪਏ ਪ੍ਰਤੀ ਏਕੜ ਫ਼ਸਲੀ ਕਰਜ਼ੇ ਦੀ ਮੰਗ 'ਤੇ ਬਠਿੰਡਾ ਜ਼ਿਲ੍ਹੇ ਦੀਆਂ ਕੋਆਪ੍ਰੇਟਿਵ ਬੈਂਕ ਦੇ ਤਕਰੀਬਨ ਸਾਰੀਆਂ ਸ਼ਾਖਾਵਾਂ ਅੱਗੇ ਅੱਜ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਈ ਸ਼ਾਖਾਵਾਂ ਵਿੱਚ ਤਾਂ ਕਿਸਾਨਾਂ ਨੇ ਬੈਂਕ ਕਰਮੀਆਂ ਨੂੰ ਧੱਕੇ ਨਾਲ ਅੰਦਰ ਹੀ ਰੋਕੀ ਰੱਖਿਆ।
ਦੂਜੇ ਪਾਸੇ ਇਸ ਪੂਰੇ ਮਾਮਲੇ 'ਤੇ ਕੋਆਪਰੇਟਿਵ ਬੈਂਕ ਦੇ ਜ਼ਿਲ੍ਹਾ ਮੈਨੇਜਰ ਗੀਤਿਕਾ ਮਨੀ ਨੇ ਕਿਹਾ ਕਿ 14,000 ਪ੍ਰਤੀ ਏਕੜ ਫ਼ਸਲੀ ਕਰਜ਼ਾ ਜਾਰੀ ਕਰਨ ਨਾਲ ਬੈਂਕ ਦੀ ਕੁੱਲ ਅਡਵਾਂਸਮੈਂਟ ਫ਼ਸਲੀ ਕਰਜ਼ੇ 'ਤੇ ਤਕਰੀਬਨ ਸੌ ਕਰੋੜ ਦਾ ਵਾਧੂ ਬੋਝ ਪਏਗਾ, ਜਦਕਿ ਦੂਜੇ ਪਾਸੇ ਨਾਬਾਰਡ ਜੋ ਕਿ ਕੋਆਪ੍ਰੇਟਿਵ ਸੁਸਾਇਟੀ ਦਾ ਫਾਇਨੈਂਸਰ ਹੈ ਪਿਛਲੇ ਕਈ ਸਾਲਾਂ ਤੋਂ ਆਪਣੀ ਬੈਂਕ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀ ਲਿਮਟ ਲਗਾਤਾਰ ਘਟਾਉਂਦਾ ਜਾ ਰਿਹਾ ਹੈ।
ਪ੍ਰਬੰਧਕ ਮੁਤਾਬਕ 2014-15 ਵਿੱਚ ਨਾਬਾਰਡ ਵੱਲੋਂ ਸਟੇਟ ਕਾਰਪੋਰੇਟ ਬੈਂਕਾਂ ਲਈ ਤਕਰੀਬਨ 6300 ਕਰੋੜ ਰੁਪਏ ਦੀ ਕਰਜ਼ਾ ਲਿਮਿਟ ਸੈਂਕਸ਼ਨ ਕੀਤੀ ਸੀ, ਇਸੇ ਤਰ੍ਹਾਂ 2015-16 'ਚ ਇਹ ਕਰਜ਼ੇ ਦੀ ਲਿਮਟ ਘਟ ਕੇ 5100 ਕਰੋੜ ਹੋ ਗਈ ਜਦ ਕਿ 2016-17 ਵਿੱਚ ਨਾਬਾਰਡ ਨੇ ਕਰਜ਼ੇ ਦੀ ਇਹ ਲਿਮਟ ਘਟਾ ਕੇ 4100 ਕਰੋੜ ਰੁਪਏ ਕਰ ਦਿੱਤੀ ਹੈ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਨੂੰ ਨਾਬਾਰਡ ਵੱਲੋਂ ਜਾਰੀ ਹੋਈ ਰਕਮ ਵਿੱਚੋਂ ਜਿੱਥੇ ਪਹਿਲਾਂ 338 ਕਰੋੜ ਰੁਪਏ ਮਿਲਦੇ ਸਨ ਤੇ ਹੁਣ ਉਹ ਘਟ ਕੇ ਕੇਵਲ 234 ਕਰੋੜ ਰੁਪਏ ਰਹਿ ਗਏ ਹਨ।
ਜ਼ਿਲ੍ਹਾ ਮੈਨੇਜਰ ਨੇ ਕਿਹਾ ਕਿ ਕੁਝ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਜਿਸ ਦੇ ਚੱਲਦਿਆਂ ਕਾਰਪੋਰੇਟ ਬੈਂਕ ਦੀਆਂ ਸ਼ਾਖਾ ਵਿੱਚ ਧੱਕੇ ਨਾਲ ਕਿਸਾਨਾਂ ਵੱਲੋਂ ਬੈਂਕ ਕਰਮੀਆਂ ਕਰਮਚਾਰੀਆਂ ਨੂੰ ਅੰਦਰ ਤਾੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਉਹ ਪ੍ਰਸ਼ਾਸਨ ਤੋਂ ਮਦਦ ਵੀ ਲੈ ਰਹੇ ਹਨ।