ਚੰਡੀਗੜ੍ਹ : ਬਰਨਾਲਾ ਦੇ ਮਹਿਲ ਕਲਾਂ ਦੇ ਪਿੰਡ ਕਲਾਲਾ ਦੇ ਕਿਸਾਨ ਨੇ ਆਪਣੇ ਧੀ ਦਾ ਰਿਸ਼ਤਾ ਟੁੱਟਣ ਕਾਰਨ ਖੁਦਕੁਸ਼ੀ ਕਰ ਲਈ ਹੈ। ਰਿਸ਼ਤਾ ਟੁੱਟਣ ਦੀ ਵਜ੍ਹਾ ਸਹੁਰਾ ਪਰਿਵਾਰ ਵੱਲੋਂ ਰੱਖੀਆਂ ਮੰਗਾ ਨਾ ਪੂਰੀ ਕਰ ਸਕਣਾ ਹੈ ਜਿਸ ਤੋਂ ਪਰੇਸ਼ਾਨ ਕਿਸਾਨ ਨੇ ਫ਼ਾਹਾ ਲੈ ਲਿਆ। ਥਾਣਾ ਮਹਿਲ ਕਲਾਂ ਪੁਲੀਸ ਨੇ ਲੜਕੀ ਦੇ ਮੰਗੇਤਰ ਸਮੇਤ ਉਸ ਦੇ ਮਾਤਾ-ਪਿਤਾ ਤੇ ਭਰਾ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ।
ਐਸਐਚਓ ਜਰਨੈਲ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਜੰਟ ਸਿੰਘ (65) ਪੁੱਤਰ ਸੁਰਜੀਤ ਸਿੰਘ ਵਾਸੀ ਕਲਾਲਾ ਨੇ ਆਪਣੀ ਲੜਕੀ ਦੀ ਮੰਗਣੀ ਤਕਰੀਬਨ ਡੇਢ ਕੁ ਮਹੀਨਾ ਪਹਿਲਾਂ ਹੀ ਪਿੰਡ ਸੰਗਾਲੀ (ਸੰਗਰੂਰ) ਦੇ ਚਮਕੌਰ ਸਿੰਘ ਪੁੱਤਰ ਗੁਰਮੀਤ ਸਿੰਘ ਨਾਲ ਕੀਤੀ ਸੀ। ਉਸ ਸਮੇਂ ਦੋਵਾਂ ਪਰਿਵਾਰਾਂ ਵਿੱਚ ਵਿਆਹ ਮੌਕੇ 4 ਲੱਖ ਰੁਪਏ ਨਕਦੀ ਅਤੇ ਵਿਆਹ ਸਮਾਗਮ ਸਾਦਾ ਰੱਖਣ ਦੀ ਗੱਲ ਤੈਅ ਹੋਈ ਸੀ। ਪਰ ਬੀਤੇ ਦਿਨ ਸਹੁਰਾ ਪਰਿਵਾਰ ਨੇ ਅਚਾਨਕ ਵਿਚੋਲੇ ਰਾਹੀਂ ਵਿਆਹ ਮੌਕੇ ਕਥਿਤ 4 ਦੀ ਥਾਂ 8 ਲੱਖ ਰੁਪਏ ਦੀ ਨਗ਼ਦੀ ਤੋਂ ਇਲਾਵਾ ਵਿਆਹ ਸ਼ਾਨੋ ਸ਼ੌਕਤ ਨਾਲ ਕਰਨ ਦੀ ਮੰਗ ਰੱਖ ਦਿੱਤੀ।
ਲੜਕੀ ਪਰਿਵਾਰ ਵੱਲੋਂ ਇਹ ਮੰਗ ਪੂਰੀ ਨਾ ਕਰ ਸਕਣ ਦੀ ਲਗਾਈ ਗੁਹਾਰ ਪਿੱਛੋਂ ਲੜਕੇ ਵਾਲਿਆਂ ਨੇ ਉਕਤ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ’ਚ ਰੁੱਝੇ ਕਿਸਾਨ ਗੁਰਜੰਟ ਸਿੰਘ ਨੇ ਅਚਾਨਕ ਰਿਸ਼ਤਾ ਟੁੱਟਣ ਦਾ ਗ਼ਮ ਨਾ ਸਹਾਰਦਿਆਂ ਅੱਜ ਸੁਵੱਖ਼ਤੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।
ਪੁਲੀਸ ਨੇ ਮ੍ਰਿਤਕ ਗੁਰਜੰਟ ਸਿੰਘ ਦੇ ਪੁੱਤਰ ਪਰਮਜੀਤ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਲੜਕੀ ਦੇ ਮੰਗੇਤਰ ਚਮਕੌਰ ਸਿੰਘ ਅਤੇ ਉਸ ਦੇ ਪਿਤਾ ਗੁਰਮੀਤ ਸਿੰਘ, ਮਾਤਾ ਸ਼ਿੰਦਰ ਕੌਰ ਤੇ ਭਰਾ ਹਰਪ੍ਰੀਤ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।