ਚੰਡੀਗੜ੍ਹ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਮੁਤਾਬਕ ਅਰਹਰ ਦੀ ਫ਼ਸਲ ਨੂੰ ਡੋਡੀਆਂ ਅਤੇ ਫੁੱਲ ਪੈਣ ਅਤੇ ਫ਼ਲੀਆਂ ਲੱਗਣ ਦੌਰਾਨ ਵੀ ਸੰਭਾਲ ਦੀ ਲੋੜ ਰਹਿੰਦੀ ਹੈ। ਅਜਿਹੇ ਵਿੱਚ ਕਿਸਾਨਾਂ ਨੂੰ ਆਪਣੀ ਫ਼ਸਲ ਸਬੰਧੀ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਫ਼ਸਲ ਦੀ ਇਸ ਅਵਸਥਾ ਵੇਲੇ ਸੁੰਡੀਆਂ ਅਤੇ ਹੋਰ ਬਿਮਾਰੀਆਂ ਦਾ ਹਮਲਾ ਹੁੰਦਾ ਹੈ।


ਮਾਹਿਰਾਂ ਅਨੁਸਾਰ ਅਰਹਰ ’ਤੇ ਫ਼ਲੀ ਛੇਦਕ ਚਿਤਕਬਰੀ ਸੁੰਡੀ ਫੁੱਲ ਪੈਂਦਿਆਂ ਹੀ ਹਮਲਾ ਕਰ ਦਿੰਦੀ ਹੈ। ਪੂਰੀ ਪਲੀ ਸੁੰਡੀ ਹਲਕੇ ਪੀਲੇ ਰੰਗ ਦੀ ਹੁੰਦੀ ਹੈ ਅਤੇ ਇਸ ਦੇ ਸਰੀਰ ਦੇ ਉਪਰਲੇ ਹਿੱਸੇ ’ਤੇ ਕਾਲੀਆਂ ਜਾਂ ਭੂਰੀਆਂ ਧਾਰੀਆਂ ਹੁੰਦੀਆਂ ਹਨ। ਇਹ ਸੁੰਡੀ ਪੱਤੇ, ਡੋਡੀਆਂ, ਫੁੱਲ ਅਤੇ ਫ਼ਲੀਆਂ ਨੂੰ ਜਾਲਾ ਬਣਾ ਕੇ ਜੋੜ ਲੈਂਦੀ ਹੈ ਅਤੇ ਅੰਦਰੋ-ਅੰਦਰੀ ਫੁੱਲਾਂ ਅਤੇ ਫ਼ਲੀ ਵਿੱਚ ਬਣ ਰਹੇ ਦਾਣਿਆਂ ਨੂੰ ਖਾ ਕੇ ਫ਼ਸਲ ਦਾ ਨੁਕਸਾਨ ਕਰਦੀ ਹੈ।


ਇਸ ਸੁੰਡੀ ਦੀ ਰੋਕਥਾਮ ਲਈ ਫ਼ਸਲ ਨੂੰ ਫੁੱਲ ਪੈਂਦਿਆਂ ਸਾਰ 60 ਮਿਲੀਲੀਟਰ ਸਪਾਈਨੋਸੈਡ 45 ਐਸਸੀ ਜਾਂ 200 ਮਿਲੀਲੀਟਰ ਇੰਡੌਕਸਾਕਾਰਬ 14.5 ਐਸਸੀ ਨੂੰ 100-125 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਿਆ ਜਾਣਾ ਚਾਹੀਦਾ ਹੈ। ਫ਼ਸਲ ਨੂੰ ਫ਼ਲੀਆਂ ਲੱਗਣ ਸਮੇਂ ਇਨ੍ਹਾਂ ਕੀਟਨਾਸ਼ਕਾਂ ਵਿੱਚੋਂ ਕਿਸੇ ਇੱਕ ਨੂੰ ਮੁੜ ਛਿੜਕਿਆ ਜਾਣਾ ਚਾਹੀਦਾ ਹੈ। ਇਹ ਕੀਟਨਾਸ਼ਕ ਸ਼ਾਮ ਨੂੰ ਛਿੜਕਣੇ ਚਾਹੀਦੇ ਹਨ।


ਅਰਹਰ ਦੀ ਫ਼ਸਲ ਝੁਲਸ ਰੋਗ ਦਾ ਵੀ ਸ਼ਿਕਾਰ ਹੁੰਦੀ ਹੈ। ਇਹ ਬਿਮਾਰੀ ਉੱਲੀ ਕਰ ਕੇ ਹੁੰਦੀ ਹੈ, ਜਿਸ ਕਰ ਕੇ ਟਾਹਣੀਆਂ ’ਤੇ ਭੂਰੇ ਤੇ ਕਾਲੇ ਰੰਗ ਦੇ ਦਾਗ਼ ਪੈ ਜਾਂਦੇ ਹਨ। ਬਿਮਾਰੀ ਦੀ ਰੋਕਥਾਮ ਲਈ ਖੇਤਾਂ ਵਿੱਚ ਪਾਣੀ ਨਹੀਂ ਖੜ੍ਹਨ ਦੇਣਾ ਚਾਹੀਦਾ ਤੇ ਬਿਮਾਰੀ ਦੇ ਲੱਛਣਾਂ ਵਾਲੇ ਬੂਟਿਆਂ ਨੂੰ ਪੁੱਟ ਦੇਣਾ ਚਾਹੀਦਾ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904