ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਕਰਜ਼ ਮਾਫੀ ਲਈ ਅਜੇ ਪੈਸੇ ਦਾ ਜੁਗਾੜ ਕਰ ਰਹੀ ਹੈ ਪਰ ਤਿੰਨ ਹੋਰ ਕਿਸਾਨਾਂ ਨੇ ਖੁਦਕੁਸ਼ੀ ਕਰਕੇ ਇਹ ਅੰਕੜਾ ਵਧਾ ਦਿੱਤਾ ਹੈ। ਪਹਿਲਾ ਕੇਸ ਮਾਨਸਾ ਦਾ ਹੈ। ਪਿੰਡ ਖਾਵਾ ਦਿਆਲੂ ਵਾਲੇ ਵਿੱਚ 27 ਸਾਲਾ ਨੌਜਵਾਨ ਕਿਸਾਨ ਰਮਨਜੀਤ ਨੇ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਚਾਰ ਏਕੜ ਵਿੱਚ ਖੇਤੀ ਕਰਦਾ ਰਮਨਜੀਤ 4 ਲੱਖ 50 ਹਜ਼ਾਰ ਦਾ ਕਰਜ਼ਈ ਸੀ। ਉਸ ਦਾ ਇੱਕ ਬੇਟਾ ਅਪਾਹਜ ਸੀ ਤੇ ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਾ ਸੀ।

ਕਿਸਾਨ ਦੇ ਚਾਚਾ ਹਰਦੇਵ ਸਿੰਘ ਨੇ ਦੱਸਿਆ ਕਿ ਰਮਨਜੀਤ ਆਪਣੇ ਅਪਾਹਜ ਬੇਟੇ ਲਈ ਕਾਫੀ ਖਰਚ ਕਰ ਚੁੱਕਿਆ ਸੀ। ਇਸ ਨਾਲ ਫਸਲ ਵਿੱਚ ਲਗਾਤਾਰ ਘਾਟਾ ਪੈ ਰਿਹਾ ਸੀ। ਇਸ ਕਾਰਨ ਉਸ ਦਾ ਕਰਜ਼ਾ ਵਧਦਾ ਗਿਆ। ਪਰਿਵਾਰ ਦੇ ਮੈਂਬਰਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਪੁਲਿਸ ਨੇ ਕਿਸਾਨ ਦਾ ਪੋਸਟਮਾਰਟ ਕਰਕੇ ਦੇਹ ਪਰਿਵਾਰ ਮੈਂਬਰਾਂ ਦੇ ਹਾਵਾਲੇ ਕਰ ਦਿੱਤੀ ਹੈ। ਜਾਂਚ ਅਧਿਕਾਰੀ ਗੁਰਮੇਲ ਮੁਤਾਬਕ ਕਿਸਾਨ ਦੇ ਭਰਾ ਦੇ ਬਿਆਨ 'ਤੇ ਧਾਰਾ 175 ਦੀ ਕਾਰਵਾਈ ਕੀਤੀ ਗਈ ਹੈ।

ਦੂਜੀ ਘਟਨਾ ਵਿੱਚ ਵੀ ਮਾਨਸਾ ਜ਼ਿਲ੍ਹੇ ਦੇ ਭੀਖੀ ਬਲਾਕ ਦੇ ਪਿੰਡ ਬੀਰ ਖ਼ੁਰਦ 'ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਹਾਸਲ ਜਾਣਕਾਰੀ ਮੁਤਾਬਕ ਹਰਮੇਲ ਸਿੰਘ (52) ਪੁੱਤਰ ਅਰਜੁਨ ਸਿੰਘ ਕੋਲ 4 ਏਕੜ ਜ਼ਮੀਨ ਸੀ। ਉਸ ਨੇ ਪਿਛਲੇ ਸਾਲ 7 ਕਨਾਲ਼ਾਂ ਜ਼ਮੀਨ ਵੇਚ ਦਿੱਤੀ ਸੀ। ਕਿਸਾਨ ਦੇ ਪੁੱਤਰ ਗੁਰਪ੍ਰੀਤ ਸਿੰਘ ਅਨੁਸਾਰ ਉਸ ਦੇ ਪਿਤਾ ਸਿਰ ਬੈਂਕ ਦਾ 9 ਲੱਖ ਰੁਪਏ ਦਾ ਕਰਜ਼ਾ ਸੀ। ਇਸੇ ਕਾਰਨ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਕਿਸਾਨ ਦ ਪੁੱਤਰ ਹਰਪ੍ਰੀਤ ਸਿੰਘ ਰੋਜ਼ੀ ਰੋਟੀ ਤੇ ਪਰਿਵਾਰ ਦਾ ਕਰਜ਼ਾ ਲਾਹੁਣ ਲਈ ਇਸੇ ਮਹੀਨੇ ਕੁਵੈਤ ਵੀ ਗਿਆ ਹੈ। ਏ.ਐਸ.ਆਈ. ਗੁਰਲਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਭੀਖੀ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ਤੀਸਰੀ ਘਟਨਾ ਵਿੱਚ ਸੰਗਰੂਰ ਜ਼ਿਲ੍ਹੇ ਦੀ ਭਾਵਾਨੀਗੜ੍ਹ ਤਹਿਸੀਲ ਵਿੱਚ 18 ਅਗਸਤ ਨੂੰ ਨੇੜਲੇ ਪਿੰਡ ਮਾਝੀ ਦੇ ਕਿਸਾਨ ਨੇ ਕਰਜ਼ੇ ਦੀ ਮਾਰ ਥੱਲ੍ਹੇ ਆਉਣ ਕਾਰਨ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨ ਦਰਸ਼ਨ ਸਿੰਘ (50) ਦੇ ਸਿਰ 25 ਲੱਖ ਦਾ ਸਰਕਾਰੀ ਕਰਜ਼ਾ ਚੜ੍ਹਿਆ ਹੋਇਆ ਸੀ। ਇਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਪਿੰਡ ਮਾਝੀ ਦੇ ਕਿਸਾਨ ਆਗੂ ਬਾਬੂ ਸਿੰਘ ਮਾਝੀ, ਨਾਹਰ ਸਿੰਘ ਤੇ ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਸੇ ਪ੍ਰੇਸ਼ਾਨੀ ਕਾਰਨ ਦਰਸ਼ਨ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਸਾਨ ਦਾ ਸਾਰਾ ਕਰਜ਼ਾ ਮਾਫ਼ ਕਰਨ ਤੇ ਪਰਿਵਾਰ ਦੇ ਇੱਕ ਜੀਅ ਨੰ ਨੌਕਰੀ ਦੇਣ ਦੀ ਮੰਗ ਕੀਤੀ।