ਸੰਗਰੂਰ : ਪ੍ਰਾਪਰਟੀ ਡੀਲਰ ਵੱਲੋਂ ਠੱਗੀ ਮਾਰਨ 'ਤੇ ਪਿੰਡ ਅਲੀਪੁਰ ਦੇ ਕਿਸਾਨ ਜਗਦੇਵ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ। ਕਿਸਾਨ ਦੀ ਪਤਨੀ ਸਰਬਜੀਤ ਕੌਰ ਵਾਸੀ ਅਲੀਪੁਰ ਨੇ ਦੱਸਿਆ ਕਿ ਜਗਦੇਵ ਸਿੰਘ ਕੋਲ 12 ਵਿੱਘੇ ਜ਼ਮੀਨ ਸੀ। 7 ਸਾਲ ਪਹਿਲਾਂ ਪਿੰਡ ਦੇ ਪ੍ਰਾਪਰਟੀ ਡੀਲਰ ਹਰਦੇਵ ਸਿੰਘ ਵਾਸੀ ਅਲੀਪੁਰ ਨੇ ਉਸ ਨੂੰ ਲਾਲਚ ਦੇ ਕੇ ਉਸ ਦੀ ਜ਼ਮੀਨ 5 ਲੱਖ ਰੁਪਏ ਵਿੱਘੇ ਦੇ ਹਿਸਾਬ ਨਾਲ 60 ਲੱਖ ਰੁਪਏ 'ਚ ਵੇਚ ਦਿੱਤੀ।

ਪ੍ਰਾਪਰਟੀ ਡੀਲਰ ਸਿਰਫ 7 ਵਿੱਘੇ ਜ਼ਮੀਨ ਦਿਵਾ ਕੇ ਬਾਕੀ ਪੰਜ ਵਿੱਘਿਆਂ ਦੇ ਪੈਸੇ ਦੇਣੋਂ ਮੁੱਕਰ ਗਿਆ ਜਿਸ ਕਾਰਨ ਕਿਸਾਨ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਿਆ।

19 ਅਗਸਤ ਨੂੰ ਜਗਦੇਵ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਤੇ ਇਕ ਖ਼ੁਦਕੁਸ਼ੀ ਨੋਟ ਟਰੈਕਟਰ 'ਤੇ ਲਿਖ ਦਿੱਤਾ ਕਿ ਹੀਰਾ ਪ੍ਰਾਪਰਟੀ ਡੀਲਰ ਨੇ ਉਸ ਨੂੰ ਧੋਖੇ ਵਿਚ ਰੱਖ ਕੇ ਠੱਗੀ ਮਾਰੀ ਹੈ। ਵਾਰ-ਵਾਰ ਪੈਸੇ ਮੰਗਣ 'ਤੇ ਵੀ ਉਸ ਨੇ ਪੈਸੇ ਵਾਪਸ ਨਾ ਕੀਤੇ। ਪੁਲਿਸ ਨੇ ਕਿਸਾਨ ਦੀ ਘਰਵਾਲੀ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਕੇਸ ਦੀ ਪੜਤਾਲ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਕਰ ਰਹੇ ਹਨ।