ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਸੱਤ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕਰਜ਼ਾ ਮੁਕਤੀ ਮਹਾਂ ਰੈਲੀ ਦੇ ਬੈਨਰ ਹੇਠ ਬਰਨਾਲਾ ਦੀ ਦਾਣਾ ਮੰਡੀ ਵਿੱਚ 22 ਅਗਸਤ ਨੂੰ ਰੈਲੀ ਕੀਤੀ ਜਾ ਰਹੀ ਹੈ। ਇਸ ਮਹਾਂ ਰੈਲੀ ਵਿੱਚ ਹੀ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ ਵੱਡੇ ਸੰਘਰਸ਼ ਦਾ ਐਲਾਨ ਵੀ ਹੋ ਸਕਦਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੂਟਾ ਸਿੰਘ ਬੁਰਜਗਿੱਲ (ਸੂਬਾ ਪ੍ਰਧਾਨ ਬੀਕੇਯੂ ਡਕੌਦਾ) ਤੇ ਝੰਡਾ ਸਿੰਘ ਜੇਠੂਕੇ (ਸੂਬਾ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਉਗਰਾਹਾਂ) ਨੇ ਕਿਹਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਕਿਸਾਨ ਰੈਲੀ ਵਿੱਚ ਹਿੱਸਾ ਲੈਣਗੇ। ਕਿਸਾਨ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨ ਨਹੀਂ ਦਿੱਤਾ ਜਾਵੇਗਾ। ਸਰਕਾਰ ਕਿਸਾਨਾਂ ਨਾਲ ਕਰਜ਼ਾ ਮਾਫੀ ਦੇ ਵਾਅਦੇ ਤੋਂ ਭੱਜੀ ਹੈ। ਹੋਰ ਮੰਗਾਂ ਸਣੇ ਇਸ ਮੁੱਖ ਵਾਅਦੇ ਨੂੰ ਪੂਰਾ ਕਰਵਾਉਣ ਲਈ ਅਗਲੇ ਸੰਘਰਸ਼ ਲਈ ਵੱਡਾ ਐਲਾਣ ਕੀਤਾ ਜਾ ਸਕਦੇ ਹੈ। ਉਨ੍ਹਾਂ ਕਿਹਾ ਕਿ ਮਹਾਂ ਰੈਲੀ ਦੇ ਵੱਡੇ ਇਕੱਠ ਨਾਲ ਕਿਸਾਨਾਂ ਨੂੰ ਲਾਮਬੰਦ ਕਰਕੇ ਮੰਗਾਂ ਪ੍ਰਤੀ ਸਰਕਾਰ ਨੂੰ ਝੁਕਣ  ਲਈ ਮਜਬੂਰ ਕਰਾਂਗੇ।

ਕਿਸਾਨ ਆਗੂਆਂ ਨੇ ਕਿਹਾ ਕਿ ਮਹਾਂ ਰੈਲੀ ਨੂੰ ਲੈ ਕੇ ਬਰਨਾਲਾ ਦੀ ਦਾਣਾ ਮੰਡੀ ਵਿੱਚ ਪੂਰੇ ਜ਼ੋਰਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਚੰਗੇ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਨੇਤਾ ਪੱਬਾਂ ਭਾਰ ਹਨ। ਅੱਜ ਮਹਾਂ ਰੈਲੀ ਨੂੰ ਲੈ ਕੇ ਦਾਣਾ ਮੰਡੀ ਵਿੱਚ ਟੀਮ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕਿਸਾਨ ਆਗੂਆਂ ਵੱਲੋਂ ਮੰਡੀ ਦਾ ਸਾਰੇ ਬਾਰ੍ਹਾਂ ਸ਼ੈੱਡਾਂ ਵਿੱਚ ਟੈਂਟ, ਪੱਖੇ, ਸਾਉਂਡ ਤੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਜਾ ਰਿਹਾ ਹੈ। ਸੂਬਾ ਆਗੂਆਂ ਨੇ ਦੱਸਿਆ ਕਿ ਬਰਨਾਲਾ ਦੀ ਧਰਤੀ 'ਤੇ ਕੀਤੀ ਜਾ ਰਹੀ ਮਹਾਂ ਰੈਲੀ ਇਤਿਹਾਸਕ ਹੋਵੇਗੀ। ਪੰਜਾਬ ਦੇ ਕੋਨੋ-ਕੋਨੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਾਫਲਿਆਂ ਸਮੇਤ ਕਿਸਾਨ ਰੈਲੀ ਵਿੱਚ ਹਿੱਸਾ ਲੈਣਗੇ।