ਬਠਿੰਡਾ : ਫਿਰੋਜ਼ਪੁਰ ਦੇ ਪਿੰਡ ਸ਼ਹਿਜਾਂਦੀ ਦੇ ਰਹਿਣ ਵਾਲੇ ਇਕ ਕਿਸਾਨ ਵੱਲੋਂ ਫ਼ਸਲਾ ਦਾ ਚੰਗਾ ਭਾਅ ਨਾ ਮਿਲਣ ਕਾਰਨ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਲਾਸ਼ ਨੂੰ ਪੁਲਿਸ ਵੱਲੋਂ ਰਾਜਸਥਾਨ ਫੀਡਰ ਮਲੋਟ ਤੋਂ ਬਰਾਮਦ ਕਰ ਲਿਆ ਗਿਆ ਹੈ।
ਕਿਸਾਨ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਪਿੰਡ ਸ਼ਹਿਜਾਂਦੀ ਨੇ ਦੱਸਿਆ ਕਿ ਉਸ ਦੇ ਪੁੱਤਰ ਗੁਰਸੇਵਕ ਸਿੰਘ ਨੇ ਪੰਜ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਮਿਰਚ ਦੀ ਖੇਤੀ ਕੀਤੀ ਸੀ ਪਰ ਚੰਗਾ ਭਾਅ ਨਾ ਮਿਲਣ ਕਾਰਨ ਗੁਰਸੇਵਕ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਬੀਤੀ 27 ਅਸਗਤ ਨੂੰ ਰਾਜਸਥਾਨ ਫੀਡਰ 'ਚ ਛਾਲ ਮਾਰ ਦਿੱਤੀ।
ਦੂਜੀ ਘਟਨਾ ਵਿੱਚ ਮੌੜ ਮੰਡੀ ਪਿੰਡ ਘੁੰਮਣ ਕਲਾਂ ਦੇ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਮੌੜ ਵਿਖੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਮੌਤ ਨੂੰ ਗਲੇ ਲਾ ਲਿਆ। ਗੁਰਨਾਮ ਸਿੰਘ ਵਾਸੀ ਘੁੰਮਣ ਕਲਾਂ ਕੋਲ ਲਗਪਗ ਡੇਢ ਏਕੜ ਜ਼ਮੀਨ ਸੀ ਤੇ ਕਿਸਾਨ ਵੱਲੋਂ ਓਬੀਸੀ ਬੈਂਕ ਘੁੰਮਣ ਕਲਾਂ, ਸਹਿਕਾਰੀ ਸੁਸਾਇਟੀ ਘੁੰਮਣ ਤੇ ਲੋਕਾਂ ਤੋਂ ਖੇਤੀ ਲਈ ਚੁੱਕਿਆ ਕਰਜ਼ਾ ਅਮਰਵੇਲ ਵਾਂਗ ਵਧਦਾ ਹੋਇਆ ਪੰਜ ਲੱਖ ਨੂੰ ਪਾਰ ਕਰ ਗਿਆ। ਗੁਰਨਾਮ ਨੇ ਸਿਰ ਚੜ੍ਹੀ ਕਰਜ਼ੇ ਦੀ ਪੰਡ ਨੂੰ ਹੌਲਾ ਕਰਨ ਲਈ ਡੇਢ ਏਕੜ ਖੇਤੀ ਕਰਨ ਦੇ ਨਾਲ ਨਾਲ ਦੋਵਾਂ ਪੁੱਤਰਾਂ ਨੂੰ ਆਪਣੇ ਨਾਲ ਮੌੜ ਵਿਖੇ ਮਜ਼ਦੂਰੀ ਕਰਨ ਲਈ ਲਗਾ ਲਿਆ ਪਰ ਕਰਜ਼ਾ ਸਿਰ ਫਿਰ ਵੀ ਘਟਣ ਦਾ ਨਾਂ ਨਹੀ ਲੈ ਰਿਹਾ ਸੀ। ਮੰਗਲਵਾਰ ਸਵੇਰ ਗੁਰਨਾਮ ਸਿੰਘ ਮੌੜ ਮੰਡੀ ਵਿਖੇ ਮਜ਼ਦੂਰੀ ਕਰਨ ਗਿਆ ਤੇ ਬਾਅਦ ਦੁਪਹਿਰ ਮਾਲ ਮੌੜ ਕੋਟਲੀ ਫਾਟਕਾਂ ਦੇ ਨਜ਼ਦੀਕ ਮਾਲ ਗੱਡੀ ਅੱਗੇ ਆ ਕੇ ਖ਼ੁਦਕੁਸ਼ੀ ਕਰ ਲਈ।