ਚੰਡੀਗੜ੍ਹ: ਹੁਣ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਜ਼ਰੂਰਤ ਨਹੀਂ ਹੋਵੇਗੀ। ਜੀ ਹਾਂ, ਹੁਣ ਅਜਿਹਾ ਸਿਸਟਮ ਬਣ ਚੁੱਕਾ ਹੈ ਜਿਸ ਦੀ ਵਰਤੋਂ ਨਾਲ ਜਿੱਥੇ ਕਿਸਾਨਾਂ ਦਾ ਖ਼ਰਚਾ ਘਟੇਗਾ, ਉੱਥੇ ਪਰਾਲੀ ਦੇ ਧੂੰਏ ਤੋਂ ਵੀ ਛੁਟਕਾਰਾ ਮਿਲੇਗਾ। ਪਰਾਲੀ ਤੋਂ ਛੁਟਕਾਰਾ ਪਾਉਣ ਦਾ ਇਹ ਲਾਹੇਵੰਦ ਕੰਮ ਜਗਤਜੀਤ ਇੰਡਸਟਰੀਜ਼ ਵੱਲੋਂ ਤਿਆਰ ਕੀਤੇ ਐਸ.ਐਮ.ਐਸ. (ਸਟਰਾਅ ਮੈਨੇਜਮੈਂਟ ਸਿਸਟਮ) ਨਾਲ ਕੀਤਾ ਜਾਵੇਗਾ।
ਕੰਪਨੀ ਦੇ ਚੇਅਰਮੈਨ ਧਰਮ ਸਿੰਘ ਸਾਰੋਂ, ਐਮ.ਡੀ. ਮਨਜੀਤ ਸਿੰਘ ਸਾਰੋਂ ਤੇ ਜਗਤਜੀਤ ਸਿੰਘ ਸਾਰੋਂ ਨੇ ਦੱਸਿਆ ਕਿ ਕੰਬਾਈਨ ਉਪਰ ਲੱਗਿਆ ਇਹ ਸਿਸਟਮ ਝੋਨੇ ਦੀ ਵਾਢੀ ਦੇ ਨਾਲ ਹੀ ਪਰਾਲੀ ਦੀ ਬਰੀਕ ਕਟਾਈ ਕਰ ਕੇ ਜ਼ਮੀਨ ਵਿੱਚ ਹੀ ਬਿਖੇਰ ਦੇਵੇਗਾ ਤੇ ਇਸ ਜ਼ਮੀਨ ਵਿੱਚ ਕਣਕ ਦੀ ਬਿਜਾਈ ਹੈਪੀ ਸੀਡਰ, ਜ਼ੀਰੋ ਟਿਲਰ ਮਸ਼ੀਨ ਤੇ ਰੂਟਾਵੇਟਰ ਨਾਲ ਕੀਤੀ ਜਾ ਸਕੇਗੀ।
ਇਸ ਨਾਲ ਹਰ ਸਾਲ ਜਿੱਥੇ ਕਿਸਾਨਾਂ ਦਾ ਖ਼ਰਚਾ ਘਟੇਗਾ, ਉੱਥੇ ਪਰਾਲੀ ਦੇ ਧੂੰਏ ਤੋਂ ਵੀ ਛੁਟਕਾਰਾ ਮਿਲੇਗਾ। ਕੰਪਨੀ ਵੱਲੋਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਇਸ ਸਿਸਟਮ ਪ੍ਰਤੀ ਜਾਗਰੂਕ ਕਰਨ ਲਈ ਇਸ ਦਾ ਡੈਮੋ ਵਿਖਾਇਆ ਜਾ ਰਿਹਾ ਹੈ। ਇਸ ਸਿਸਟਮ ਦਾ ਕੰਬਾਈਨ ਉਪਰ ਵੀ ਕੋਈ ਜ਼ਿਆਦਾ ਲੋਡ ਨਹੀਂ ਪਵੇਗਾ ਤੇ ਕੰਬਾਈਨ ਦੇ ਇੰਜਣ ਤੇ ਡੀਜ਼ਲ ਦੀ ਖਪਤ ਉਪਰ ਵੀ ਮਾਮੂਲੀ ਅਸਰ ਪਵੇਗਾ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਵੀ ਉਨ੍ਹਾਂ ਨੂੰ ਇਹ ਸਿਸਟਮ ਬਣਾਉਣ ਵਿੱਚ ਸਹਿਯੋਗ ਦਿੱਤਾ ਗਿਆ ਹੈ।