ਚੰਡੀਗੜ੍ਹ : ਮਹਿਲ ਕਲਾਂ ਦੇ ਪਿੰਡ ਚੰਨਣਵਾਲ ਦੇ ਕਿਸਾਨ ਕੁਲਦੀਪ ਸਿੰਘ (33) ਨੇ ਆਰਥਿਕ ਤੰਗੀ ਕਾਰਨ ਫਾਹਾ ਲੈ ਲਿਆ। ਇਸ ਪਰਿਵਾਰ ਦੀ ਕਰਜ਼ੇ ਕਾਰਨ ਸਾਰੀ ਜ਼ਮੀਨ ਵਿਕ ਗਈ ਪਰ 3 ਲੱਖ ਰੁਪਏ ਕਰਜ਼ਾ ਅਜੇ ਵੀ ਸਿਰ ਖੜ੍ਹਾ ਹੈ। ਜ਼ਮੀਨ ਵੇਚ ਕੇ ਇਕ ਪ੍ਰਾਈਵੇਟ ਬੀਮਾ ਕੰਪਨੀ ’ਚ ਡੇਢ ਲੱਖ ਰੁਪਏ ਲਾਏ ਸਨ ਪਰ ਕੰਪਨੀ ਭੱਜ ਗਈ। ਕੁਲਦੀਪ ਦੇ ਪਿਤਾ ਜਗਰੂਪ ਸਿੰਘ ਨੇ ਦੱਸਿਆ ਕਿ ਕੱਲ੍ਹ ਰਾਤ ਕੁਲਦੀਪ ਸਿੰਘ ਨੇ ਆਪਣੇ ਕਮਰੇ ‘ਚ ਫਾਹਾ ਲੈ ਲਿਆ। ਥਾਣਾ ਟੱਲੇਵਾਲ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਦੂਜੀ ਘਟਨਾ ਵਿੱਚ ਮਲੋਟ ਦੇ ਪਿੰਡ ਈਨਾ ਖੇੜਾ ਦੇ ਕਰਜ਼ਾਈ ਕਿਸਾਨ ਗੁਰਦੀਪ ਸਿੰਘ (50) ਨੇ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ 10 ਏਕੜ ਸੇਮਗ੍ਰਸਤ ਜ਼ਮੀਨ ਸੀ। ਕੋਈ ਆਮਦਨ ਨਾ ਹੋਣ ਕਾਰਨ ਘਰ ਚਲਾਉਣ ਤੇ ਬੱਚਿਆਂ ਦੀ ਪੜ੍ਹਾਈ ਲਈ ਆੜ੍ਹਤੀਆਂ ਤੇ ਬੈਂਕ ਤੋਂ ਲਿਆ ਕਰਜ਼ਾ 10 ਲੱਖ ਤੋਂ ਟੱਪ ਗਿਆ। ਘਰ ਦਾ ਤੋਰਾ ਤੋਰਨ ਲਈ ਗੁਰਦੀਪ ਨੇ 5 ਏਕੜ ਜ਼ਮੀਨ ਵੇਚ ਕੇ ਟਰੱਕ ਲੈ ਲਿਆ ਪਰ ਸਰਕਾਰ ਨੇ ਯੂਨੀਅਨਾਂ ਭੰਗ ਕਰ ਦਿੱਤੀਆਂ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ (ਦੋ ਧੀਆਂ ਤੇ ਇੱਕ ਪੁੱਤ) ਜੁਆਕ ਹਨ।