ਚੰਡੀਗੜ੍ਹ: ਸੰਗਰੂਰ ਦੇ ਧੂਰੀ ਦੇ ਨੇੜਲੇ ਪਿੰਡ ਰਾਜੋਮਾਜਰਾ ਦੇ ਕਿਸਾਨ ਵਲੋਂ ਕਰਜ਼ੇ ਕਰਕੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਕਾਰਨ ਰੇਲ ਗੱਡੀ ਅੱਗੇ ਆ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਰੇਲਵੇ ਪੁਲਿਸ ਅਧਿਕਾਰੀ ਧੂਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਰਾਜੋਮਾਜਰੇ ਤੋਂ ਕਿਸਾਨ ਜਸਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਕਰਜ਼ੇ ਦੇ ਬੋਝ ਕਾਰਨ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ।
ਕਿਸਾਨ ਨੇ ਕੱਲ੍ਹ ਸ਼ਾਮ ਬਰਨਾਲੇ ਤੋਂ ਧੂਰੀ ਵੱਲ ਆ ਰਹੀ ਪੈਸੇਜਰ ਰੇਲ ਗੱਡੀ ਅੱਗੇ ਪਿੰਡ ਰਾਜੋਮਾਜਰੇ ਨੇੜੇ ਰੇਲ ਗੱਡੀ ਅੱਗੇ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਜਿਸ 'ਤੇ ਰੇਲਵੇ ਪੁਲਿਸ ਵਲੋਂ ਬਣਦੀ ਕਾਰਵਾਈ ਦਰਜ ਕੀਤੀ ਗਈ ਹੈ।ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਕਰਜ਼ੇ ਕਾਰਨ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਪਿੱਛੇ ਦੋ ਪੁੱਤਰ ਅਤੇ ਪਤਨੀ ਛੱਡ ਗਿਆ। ਦੋ ਪੁੱਤਰ ਸਿਮਰਜੀਤ ਸਿੰਘ ਅਤੇ ਸਰਬਜੀਤ ਸਿੰਘ ਜੋ ਕਿ ਸ਼ਾਦੀ ਸ਼ੁਦਾ ਹਨ। ਮਿ੍ਤਕ ਨੇ ਕੁੱਲ 11 ਲੱਖ ਰੁਪਏ ਬੈਂਕ ਅਤੇ ਸੁਸਾਇਟੀ ਦਾ ਦੇਣਾ ਸੀ।
ਦੂਜੀ ਘਟਨ ਬਰਨਾਲ ਜਿਲ੍ਹੇ ਦੇ ਪਿੰਡ ਬਖ਼ਤਗੜ੍ਹ ਦੇ ਇੱਕ ਨੋਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਕਰਜ਼ੇ ਕਾਰਨ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਉਹ ਢਾਈ ਏਕੜ ਖੇਤੀ ਦੇ ਨਾਲ ਕੁੱਝ ਜ਼ਮੀਨ ਠੇਕੇ ਉੱਤੇ ਲੈਕੇ ਵੀ ਖੇਤੀ ਕਰਦਾ ਸੀ। ਗੁਰਪ੍ਰੀਤ ਉੱਤੇ ਸਰਕਾਰੀ ਤੇ ਗੈਰ ਸਰਕਾਰੀ 10-12 ਲੱਖ ਦਾ ਕਰਜ਼ਾ ਸੀ। ਥਾਣਾ ਟੱਲੇਵਾਲ ਅਧੀਨ ਪੈਂਦੀ ਪੁਲਿਸ ਚੌਂਕੀ ਪੱਖੋਂ ਕੈਂਚੀਆ ਦੇ ਏ.ਐੱਸ.ਆਈ ਪਰਮੋਲ ਸਿੰਘ ਨੇ ਦੱਸਿਆ ਕਿ ਪਤਨੀ ਦੇ ਬਿਆਨ ਦੇ ਆਧਾਰ ਉੱਤੇ ਧਾਰਾ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।