ਬਠਿੰਡਾ- ਸਬ ਡਵੀਜ਼ਨ ਮੌੜ ਅਧੀਨ ਆਉਂਦੇ ਪਿੰਡ ਕੋਟਲੀ ਖ਼ੁਰਦ ਦੇ ਨੋਜਵਾਨ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾਂਦਾ ਹੈ ਕਿ ਕਿਸਾਨ ਵਲੋਂ ਭਾਰੀ ਕਰਜ਼ੇ ਅਤੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਬਲਵਿੰਦਰ ਸਿੰਘ ਜੋਧਪੁਰ ਅਤੇ ਅੰਗਰੇਜ਼ ਸਿੰਘ ਕੋਟਲੀ ਅਨੁਸਾਰ ਕੋਟਲੀ ਖ਼ੁਰਦ ਦੇ ਨੌਜਵਾਨ ਕਿਸਾਨ ਮੇਵਾ ਸਿੰਘ (25) ਪੁੱਤਰ ਬਲਵੀਰ ਸਿੰਘ, ਜੋ ਕਿ ਇਕ ਗ਼ਰੀਬ ਕਿਸਾਨ ਸੀ ਅਤੇ ਉਸ ਦੇ ਪਰਿਵਾਰ ਸਿਰ ਕਾਫ਼ੀ ਜ਼ਿਆਦਾ ਕਰਜ਼ਾ ਸੀ, ਨੇ ਕੱਲ ਸਵੇਰੇ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ| ਉਨ੍ਹਾਂ ਦੱਸਿਆ ਕਿ ਉਸ ਦੇ ਪਰਿਵਾਰ ਸਿਰ ਆੜ੍ਹਤੀਏ ਦੇ ਸਾਢੇ ਤਿੰਨ ਲੱਖ ਰੁਪਏ ਤੋਂ ਇਲਾਵਾ ਹਾਊਸਫੈੱਡ, ਬੈਂਕ ਲਿਮਟ, ਕੋਆਪ੍ਰੇਟਿਵ ਬੈਂਕ, ਸਹਿਕਾਰੀ ਸਭਾ ਆਦਿ ਦਾ 15 ਤੋਂ 18 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਦੇ ਪਰਿਵਾਰ ਕੋਲ ਸਿਰਫ਼ 4 ਏਕੜ ਹੀ ਜ਼ਮੀਨ ਸੀ, ਜਿਸ 'ਚੋਂ ਕੁਝ ਜ਼ਮੀਨ ਉਹ ਪਹਿਲਾਂ ਵੇਚ ਚੁੱਕੇ ਸਨ ਅਤੇ ਹੁਣ ਵੀ ਉਨ੍ਹਾਂ ਨੇ ਕੁਝ ਜ਼ਮੀਨ ਨੂੰ ਵੇਚਣ ਲਈ ਸੌਦਾ ਵੀ ਹੋਇਆ ਸੀ ਪਰ ਪੈਸੇ ਲੈਣ ਵਾਲੇ ਇਕ ਵਿਅਕਤੀ ਵਲੋਂ ਜ਼ਮੀਨ ਦੀ ਰਜਿਸਟਰੀ 'ਤੇ ਰੋਕ ਲਗਵਾ ਦਿੱਤੀ ਸੀ। ਇਸ ਤੋਂ ਇਲਾਵਾ ਨੌਜਵਾਨ ਦਾ ਘਰ ਵੀ ਕਰਜ਼ੇ ਕਾਰਨ ਵਿਕ ਚੁੱਕਾ ਸੀ ਅਤੇ ਹੁਣ ਉਹ ਆਪਣੇ ਮਾਤਾ-ਪਿਤਾ ਅਤੇ ਭਰਾ, ਜੋ ਕਿ ਵਿਆਹਿਆ ਹੋਇਆ ਹੈ ਸਮੇਤ ਕਿਰਾਏ ਦੇ ਘਰ ਵਿਚ ਰਹਿ ਰਿਹਾ ਸੀ।