ਚੰਡੀਗੜ੍ਹ: ਪੰਜਾਬ ਵਿੱਚ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਵਿਆਹਾਂ ਵਿੱਚ ਮੋਟੇ ਖਰਚੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀਂ ਅੰਮ੍ਰਿਤਸਰ ਦੇ ਪੈਲੇਸ ਵਿੱਚ ਗੋਲੀਆਂ ਵੀ ਚੱਲੀਆਂ ਜਿਸ ਨਾਲ ਦੋ ਜਣੇ ਮਾਰੇ ਗਏ। ਅਜਿਹਾ ਅਕਸਰ ਹੀ ਵੇਖਣ ਨੂੰ ਮਿਲਦਾ ਹੈ। ਪੰਜਾਬ ਵਿੱਚ ਹਰ ਸਾਲ ਫੌਕੀ ਵਿਖਾਵੇਬਾਜ਼ੀ ਤਹਿਤ ਵਿਆਹਾਂ 'ਤੇ ਬੇਹੱਦ ਖਰਚਾ ਕੀਤਾ ਜਾਂਦਾ ਹੈ।

ਫੌਕੀ ਟੌਹਰ ਜਾਂ ਫੁੱਕਰੇਪੁਣਾ ਦਿਖਾਉਣ ਲਈ ਪੈਲੇਸਾਂ ਵਿੱਚ ਬੰਦੂਕਾਂ ਤੇ ਰਿਵਾਲਵਰਾਂ ਨਾਲ ਆਸਮਾਨੀ ਗੋਲੀਆਂ ਵੀ ਚਲਾਈਆਂ ਜਾਂਦੀਆਂ ਹਨ। ਹੁਣ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਪਰ ਇਸ ਸਭ ਤੋਂ ਹਟਕੇ ਪੰਜਾਬ ਦੇ ਇਸ ਇਲਾਕੇ ਵਿੱਚ ਵੱਖਰੀ ਤਰ੍ਹਾਂ ਦੇ ਵਿਆਹ ਦਾ ਰੁਝਾਨ ਸ਼ੁਰੂ ਹੋ ਹੋਇਆ ਹੈ।



ਲੰਘੇ ਬੁੱਧਵਾਰ 13 ਦਸੰਬਰ ਨੂੰ ਮੁਹਾਲੀ ਜ਼ਿਲ੍ਹੇ ਦੇ ਪਿੰਡ ਸੁਹਾਲੀ ਵਿੱਚ ਬਿਨਾ ਦਾਜ-ਦਹੇਜ ਤੋਂ 11 ਬੰਦਿਆਂ ਦੀ ਬਾਰਾਤ ਨਾਲ ਵਿਆਹ ਹੋਇਆ। ਜ਼ਿਲ੍ਹੇ ਦੇ ਪਿੰਡ ਬਦਨਪੁਰ ਤੋਂ ਲਾੜੀ ਵਿਆਹੁਣ ਆਏ ਗੁਲਲੀਨ ਸਿੰਘ ਦੀ ਇਸ ਕਾਰਜ ਲਈ ਹਰ ਪਾਸੇ ਚਰਚਾ ਹੈ।

ਅਸਲ ਵਿੱਚ ਲਾੜਾ ਗੁਰਲੀਨ ਸਿੰਘ ਤੇ ਲਾੜੀ ਜਸਪ੍ਰੀਤ ਕੌਰ ਦਾ ਪਰਿਵਾਰ ਇਲਾਕੇ ਦੀ 'ਸੰਸਥਾ ਨਵੀਂ ਪੁਲਾਂਘ ਨਵੀਂ ਸੋਚ' ਨਾਲ ਜੁੜਿਆ ਹੋਇਆ ਹੈ। ਜਿਹੜੀ ਸੰਸਥਾ ਕਰਜ਼ੇ ਵਿੱਚ ਡੁੱਬੀ ਪੇਂਡੂ ਆਰਥਿਕਤਾ ਨੂੰ ਬਚਾਉਣ ਲਈ ਸੁੱਖ-ਦੁੱਖ ਦੇ ਪ੍ਰੋਗਰਾਮਾਂ ਨੂੰ ਨਾ-ਮਾਤਰ ਖਰਚੇ ਕਰਕੇ ਕਰਾਉਂਦੀ ਹੈ। ਇਸ ਸੰਸਥਾ ਨਾਲ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੇ ਸੈਂਕੜੇ ਪਿੰਡ ਜੁੜੇ ਹੋਏ ਹਨ।



ਲਾੜਾ ਗੁਰਲੀਨ ਸਿੰਘ ਇਲਾਕੇ ਦੇ ਸਭ ਤੋਂ ਵੱਧ ਪੜ੍ਹੇ-ਲਿਖਿਆਂ ਦੇ ਪਿੰਡ ਦਾ ਵਾਸੀ ਹੈ ਜਿਹੜਾ ਨਿਊਜ਼ੀਲੈਂਡ ਸੱਟਡੀ ਕਰਦਾ ਹੈ। ਉਸ ਦੀ ਸੋਚ ਹੈ ਕਿ ਉਸ ਨੇ ਜਿਹੜਾ ਖਰਚਾ ਵਿਆਹ 'ਤੇ ਕਰਨਾ ਸੀ, ਉਹ ਆਪਣੇ ਬਿਜਨੈੱਸ ਵਿੱਚ ਕਰੇਗਾ। ਫਜੂਲ ਦੇ ਖਰਚਿਆਂ ਨਾਲ ਉਹ ਆਪਣੇ ਘਰਦਿਆਂ ਤੇ ਲੜਕੀ ਦੇ ਪਰਿਵਾਰ 'ਤੇ ਬੋਝ ਨਹੀਂ ਪਾਉਣਾ ਚਾਹੁੰਦਾ।

ਸੰਸਥਾ ਦੇ ਮੈਂਬਰ ਸੁਖਦੇਵ ਸਿੰਘ ਬਰੌਲੀ ਤੇ ਇੰਦਰਪਾਲ ਸਿੰਘ ਬਦਨਪੁਰ ਦਾ ਕਹਿਣਾ ਹੈ ਕਿ ਲੜਕਾ-ਲੜਕੀ ਦਾ ਪਰਿਵਾਰ ਸੰਸਥਾ ਦੇ ਵਿਚਾਰਾਂ ਨਾਲ ਸਹਿਮਤ ਹੋਣ ਤੋਂ ਬਾਅਦ ਹੀ ਅਜਿਹਾ ਵਿਆਹ ਕਰਾਉਣ ਲਈ ਰਾਜੀ ਹੋਇਆ ਹੈ।

ਸੰਸਥਾ ਮੈਂਬਰ ਨੇ ਕਿਹਾ ਕਿ ਅੱਜ ਦੇ ਜ਼ਮਾਨੇ ‘ਚ ਜਦੋਂ ਲੋਕ ਦਿਖਾਵੇ ਦੀ ਹੋੜ੍ਹ ਵਿੱਚ ਮੈਰਿਜ ਪੈਲੇਸਾਂ, ਅਤਿਸ਼ਬਾਜ਼ੀ, ਮਹਿਮਾਨਨਿਵਾਜ਼ੀ, ਡਾਂਸ ਗਰੁੱਪਾਂ ਤੇ ਹੋਰ ਵਿਖਾਵਿਆਂ ਦੀ ਚਮਕ-ਦਮਕ ਲਈ ਲੱਖਾਂ ਰੁਪਏ ਰੋੜ੍ਹ ਦਿੰਦੇ ਹਨ, ਅਜਿਹੇ ਹਾਲਾਤ ਵਿੱਚ ਇਸ ਢੰਗ ਨਾਲ ਸਾਦਾ ਵਿਆਹ ਰਚਾਉਣਾ ਸਮਾਜ ਲਈ ਰਾਹ ਦਸੇਰਾ ਬਣਨ ਵਾਲੀ ਗੱਲ ਹੈ। ਇਨ੍ਹਾਂ ਹੀ ਨਹੀਂ ਇਸ ਮੁੰਹਿਮ ਤਹਿਤ ਦਹੇਜ ਨਾ ਲੈਣ ਵਾਲੇ ਪਰਿਵਾਰਾਂ ਨੂੰ ਸਨਮਾਤ ਵੀ ਕੀਤਾ ਜਾਂਦਾ ਹੈ।



ਸੰਸਥਾ ਮੈਂਬਰਾਂ ਨੇ ਕਿਹਾ ਕਿ ਸਮਾਜ ਨੂੰ ਕਰਜ਼ਿਆਂ ਵਿੱਚੋਂ ਕੱਢਣ ਲਈ ਸਮਾਜਕ ਪ੍ਰੋਗਰਾਮਾਂ ਵਿੱਚ ਕੀਤੇ ਜਾਂਦੇ ਵਿਖਾਵਿਆਂ ਤੇ ਇਨ੍ਹਾਂ ਉਤੇ ਹੋਣ ਵਾਲੇ ਖਰਚਿਆਂ ਨੂੰ ਨੱਥ ਪਾਉਣੀ ਜ਼ਰੂਰੀ ਹੈ। ਜੇਕਰ ਹਰ ਮਾਪੇ ਅਜਿਹੇ ਸੋਚ ਦੇ ਧਾਰਨੀ ਬਣ ਜਾਣ ਤਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਖ਼ੁਦਕਸ਼ੀਆਂ ਕਰਨ ਦੀ ਲੋੜ ਨਹੀਂ ਪਵੇਗੀ।



ਜ਼ਿਕਰਯੋਗ ਹੈ ਕਿ ਅੱਜ ਪੰਜਾਬ ਦਾ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀ ਕਰ ਰਿਹਾ ਹੈ। ਜਿਸ ਵਿੱਚ ਪਰਿਵਾਰ ਦੇ ਦੁਖ-ਸੁੱਖਾਂ ਵਿੱਚ ਕੀਤੇ ਖਰਚੇ ਵੀ ਜਿੰਮੇਵਾਰੀ ਹੁੰਦੇ ਹਨ। ਇਸ ਬੋਝ ਨੂੰ ਘਟਾਉਣ ਲਈ ਇਸ ਸੰਸਥਾ ਨੇ ਨਵੀਂ ਪੁਲਾਂਗ ਪੁੱਟੀ ਹੈ, ਜਿਸ ਨੂੰ ਪਿੰਡਾਂ ਵਿੱਚ ਚੰਗਾ ਹੁੰਗਾਰਾ ਮਿਲ ਰਿਹਾ ਹੈ।