ਚੰਡੀਗੜ੍ਹ: ਹੁਣ ਪੰਜਾਬ ਅਨਾਜ ਨੂੰ ਸਾਈਲੇਜ ਵਿੱਚ ਜਮ੍ਹਾ ਕਰ ਸਕੇਗਾ। ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਤੇ ਕਾਨਕੋਰ ਦੇ ਸਾਂਝੇ ਅਦਾਰੇ ਪੰਜਾਬ ਲੌਜਿਸਟਿਕਸ ਇੰਫਰਾਸਟ੍ਰੱਕਚਰ ਲਿਮਟਿਡ ਨੂੰ ਇੱਕ ਲੱਖ ਮੀਟਰਕ ਟਨ ਅਨਾਜ ਸਾਈਲੇਜ 'ਚ ਜਮ੍ਹਾ ਕਰ ਸਕਣਗੇ।
ਕੇਂਦਰੀ ਫੂਡ ਐਂਡ ਸਪਲਾਈ ਵਿਭਾਗ ਨੇ ਇਹ ਮਨਜ਼ੂਰੀ ਦਿੱਤੀ ਹੈ ਜਿਸ 'ਤੇ 50 ਕਰੋੜ ਰੁਪਏ ਖ਼ਰਚ ਆਉਣ ਦਾ ਅੰਦਾਜ਼ਾ ਹੈ। ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਏਐਮਡੀ ਐਚਐਸ ਬਰਾੜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦਾ ਫਾਇਦਾ ਇਹ ਹੋਵੇਗਾ ਕਿ ਖੇਤ ਤੋਂ ਲੈ ਕੇ ਖਪਤਕਾਰ ਤਕ ਅਨਾਜ ਪਹੁੰਚਾਉਣ ਵਿੱਚ ਕਿਤੇ ਵੀ ਚੋਰੀ ਜਾਂ ਖਰਾਬ ਹੋਣ ਦੀ ਸੰਭਾਵਨਾ ਨਹੀਂ ਰਹੇਗੀ।
ਇਹ ਸਾਈਲੇਜ ਰੇਲਵੇ ਟਰੈਕ ਨਾਲ ਬਣਾਇਆ ਜਾ ਰਿਹਾ ਹੈ। ਇਸ ਲਈ ਇਸ ਨੂੰ ਮੰਡੀ ਵਜੋਂ ਮਾਨਤਾ ਦਿੱਤੀ ਜਾਵੇਗੀ। ਕਿਸਾਨ ਆਪਣਾ ਅਨਾਜ ਸਿੱਧਾ ਸਾਈਲੇਜ ਵਿੱਚ ਹੀ ਢੇਰੀ ਕਰਨਗੇ। ਮਸ਼ੀਨਾਂ ਜ਼ਰੀਏ ਇਨ੍ਹਾਂ ਦੀ ਸਫਾਈ ਹੋਣ ਮਗਰੋਂ ਮਸ਼ੀਨ ਇਸ ਦਾ ਵੈਕਿਊਮ ਕੱਢ ਕੇ ਇਸ ਨੂੰ ਸਟੋਰੇਜ ਸੈਕਸ਼ਨ ਵਿੱਚ ਭੇਜ ਦੇਵੇਗੀ। ਇਸ ਲਈ ਨਾ ਤਾਂ ਲੇਬਰ ਦੀ ਲੋੜ ਹੋਵੇਗੀ ਤੇ ਨਾ ਹੀ ਟਰਾਂਸਪੋਰਟੇਸ਼ਨ ਤੇ ਬਾਰਦਾਨੇ ਦੀ।
ਸਾਰਾ ਅਨਾਜ ਕੰਪਿਊਟਰਾਈਜ਼ਡ ਤਰੀਕੇ ਨਾਲ ਸਾਈਲੇਜ ਵਿੱਚ ਜਮ੍ਹਾ ਹੋ ਜਾਵੇਗਾ। ਨਮੀ ਦੀ ਜਾਂਚ ਆਦਿ ਮਸ਼ੀਨਾਂ ਰਾਹੀਂ ਕੀਤੀ ਜਾਵੇਗੀ। ਦੂਜੇ ਰਾਜਾਂ ਨੂੰ ਭੇਜਣ ਲਈ ਵੀ ਹੁਣ ਬੋਰੀਆਂ ਵਿੱਚ ਭਰ ਕੇ ਭੇਜਣ ਦੀ ਲੋੜ ਨਹੀਂ ਰਹੇਗੀ ਬਲਕਿ ਖ਼ਾਸ ਤਰ੍ਹਾਂ ਦੇ ਕੰਟੇਨਰਾਂ ਵਿੱਚ ਇਨ੍ਹਾਂ ਨੂੰ ਭੇਜਿਆ ਜਾਵੇਗਾ। ਸਬੰਧਤ ਰਾਜ ਅਨਾਜ ਨੂੰ ਬੋਰੀਆਂ ਵਿੱਚ ਭਰ ਕੇ ਜਿੱਥੇ-ਜਿੱਥੇ ਲੋੜ ਹੋਵੇਗੀ, ਉੱਥੇ ਭੇਜ ਦੇਣਗੇ।