ਸੰਗਰੂਰ :ਖੇਤੀ ਵਿਕਾਸ ਬੈਂਕ ਦੇ ਮੁਲਾਜ਼ਮਾਂ ਵੱਲੋਂ ਕਰਜ਼ਾ ਵਸੂਲੀ ਲਈ ਡਿਫਾਲਟਰਾਂ ਦੇ ਘਰਾਂ ਅੱਗੇ 18 ਦਸੰਬਰ ਤੋਂ ਧਰਨੇ ਦਿੱਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਤਹਿਸਲੀ ਲਹਿਰਾਗਾਗਾ ਦੇ ਮੈਨੇਜਰ ਸਰਿੰਦਰ ਗਰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਿਫਾਲਟਰਾਂ ਵੱਲੋਂ 23 ਕਰੋੜ ਰੁਪਏ ਬਕਾਇਆ ਖੜਾ ਹੈ ਜਿਸ ਨੂੰ ਵਸੂਲਣ ਲਈ ਬੈਂਕ ਨੇ ਇਹ ਨਵਾਂ ਤਰੀਕਾ ਲੱਭਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਵਲ ਫਸਲੀ ਕਰਜ਼ਿਆਂ 'ਤੇ ਹੀ ਮਾਫੀ ਦੇਣ ਦਾ ਐਲਾਨ ਕੀਤਾ ਹੈ ਜਦੋਂ ਕਿ ਖੇਤੀ ਵਿਕਾਸ ਬੈਂਕ ਦੇ ਸਾਰੇ ਕਰਜ਼ੇ ਲੰਮੇ ਸਮੇਂ ਦੇ ਕਰਜ਼ੇ ਹਨ। ਇਸ ਕਰਕੇ ਖੇਤੀ ਵਿਕਾਸ ਬੈਂਕ ਕਰਜ਼ਾ ਮਾਫੀ ਦੇ ਘੇਰੇ 'ਚ ਨਹੀਂ ਆਉਂਦੇ।

ਮੈਨੇਜਰ ਨੇ ਇਹ ਵੀ ਦੱਸਿਆ ਕਿ ਕਿਸਾਨ ਜਥੇਬੰਦੀਆ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀ ਹਮਾਇਤ ਪ੍ਰਾਪਤ ਕੀਤੀ ਜਾਵੇਗੀ ਅਤੇ ਨਾਮਵਰ ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਹੋਏ ਗ੍ਰਿਫਤਾਰੀ ਵਰੰਟ ਅਤੇ ਜ਼ਮੀਨ ਨਿਲਾਮੀ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕਰਜ਼ਾ ਮਾਫੀ ਦੇ ਚੱਕਰ ਨੇ ਖੇਤੀ ਵਿਕਾਸ ਬੈਂਕਾਂ ਨੂੰ ਭੁੰਜੇ ਲਾ ਦਿੱਤਾ ਹੈ, ਲਗਾਤਾਰ ਵਸੂਲੀ ਦੀ ਘੱਟਦੀ ਰਫਤਾਰ ਕਾਰਣ ਬੈਂਕ ਕਰਮਚਾਰੀਆਂ ਨੂੰ ਤਨਖਾਹਾਂ ਲੈਣੀਆਂ ਵੀ ਮੁਸ਼ਕਲ ਹੋ ਗਈਆਂ ਹਨ।