ਬਠਿੰਡਾ- ਪਿੰਡ ਝੰਡੂਕੇ ਵਿਖੇ ਕਰਜ਼ੇ ਦੀ ਪੰਡ ਹੇਠ ਦੱਬੇ ਇਕ ਕਿਸਾਨ ਜਗਜੀਤ ਸਿੰਘ ਵਲੋਂ ਕੋਈ ਜ਼ਹਿਰੀਲੀ ਦਵਾਈ ਪੀਣ ਕਾਰਨ ਖ਼ੁਦਕੁਸ਼ੀ ਕਰ ਲਈ ਹੈ।
ਕਿਸਾਨ ਦੇ ਪਿਤਾ ਗੁਰਨਾਮ ਸਿੰਘ ਨੇ ਪੁਲਿਸ ਨੂੰ ਬਿਆਨਾਂ 'ਚ ਦੱਸਿਆ ਕਿ ਜਗਜੀਤ ਸਿੰਘ ਆੜ੍ਹਤੀਏ ਅਤੇ ਸਹਿਕਾਰੀ ਸਭਾਵਾਂ ਤੋਂ ਇਲਾਵਾ ਕੁਝ ਹੋਰ ਬੈਂਕਾਂ ਦੀਆਂ ਲਿਮਟਾਂ ਵਗੈਰਾ ਸਮੇਤ 7 ਲੱਖ ਰੁਪਏ ਤੋਂ ਜ਼ਿਆਦਾ ਦਾ ਦੇਣਦਾਰ ਸੀ | ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਲੰਘੀ ਰਾਤ ਸਪਰੇਅ ਪੀ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਿਸਾਨ ਆਪਣੇ ਪਿੱਛੇ ਆਪਣੀ ਪਤਨੀ ਸਮੇਤ 2 ਲੜਕੇ ਛੱਡ ਗਿਆ ਹੈ।
ਦੂਜੀ ਖੁਦਕੁਸ਼ੀ ਪਿੰਡ ਘੁੰਮਣ ਕਲਾਂ ਵਿਖੇ ਹੋਈ ਜਿੱਥੇ ਆਰਥਿਕ ਤੰਗੀ ਕਾਰਨ 21 ਸਾਲਾ ਨੌਜਵਾਨ ਕਿਸਾਨ ਮੇਜਰ ਸਿੰਘ ਵਲੋਂ ਆਤਮਹੱਤਿਆ ਕਰ ਲਈ ਗਈ। ਪਰਿਵਾਰ ਮੁਤਾਬਕ ਮੇਜਰ ਸਿੰਘ ਨੇ ਘਰ ਦੇ ਕਮਰੇ ਅੰਦਰ ਲੱਗੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੀ ਹੈ।
ਪਰਿਵਾਰ 'ਤੇ ਬੈਂਕ ਦਾ ਕਰੀਬ 4 ਲੱਖ ਕਰਜ਼ਾ ਸੀ, ਜਿਸ ਨੂੰ ਮੇਜਰ ਸਿੰਘ ਨੇ ਰਿਸ਼ਤੇਦਾਰਾਂ ਤੋਂ ਫੜ੍ਹ ਕੇ ਬੈਂਕ ਨੂੰ ਦਿੱਤਾ ਸੀ। ਉਪਰੰਤ 6 ਜਨਵਰੀ 2018 ਨੂੰ ਉਸ ਦਾ ਵਿਆਹ ਹੋਇਆ ਸੀ, ਪਰ ਉਹ ਕੁਝ ਸਮੇਂ ਤੋਂ ਘਰ ਦੀ ਆਰਥਿਕ ਹਾਲਤ ਤੋਂ ਪ੍ਰੇਸ਼ਾਨ ਰਹਿੰਦਾ ਸੀ।