ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਏਬੀਪੀ ਸਾਂਝਾ | 14 Feb 2018 09:15 AM (IST)
ਬੁਢਲਾਡਾ- ਮਾਨਸਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿੱਚ ਕਰਜ਼ੇ ਤੋਂ ਦੁਖੀ ਹੋ ਕੇ 62 ਸਾਲ ਦੇ ਗ਼ਰੀਬ ਕਿਸਾਨ ਬਾਬੂ ਸਿੰਘ ਪੁੱਤਰ ਵਿਸਾਖਾ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨ ਦੇ ਪਰਿਵਾਰ ਦੇ ਸਿਰ ਸਰਕਾਰੀ ਗੈਰ-ਸਰਕਾਰੀ ਪੰਜ ਲੱਖ ਦਾ ਕਰਜ਼ਾ ਹੈ। ਕਿਸਾਨ ਦੇ ਪਰਿਵਾਰ ਕੋਲ ਤਕਰੀਬਨ 3੦ ਕਨਾਲ ਜ਼ਮੀਨ ਹੈ ਜਿਸ ਨਾਲ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਹੈ।ਥੋੜ੍ਹਾ ਸਮਾਂ ਪਹਿਲਾਂ ਵੀ ਕਿਸਾਨ ਦੇ ਭਰਾ ਨੂੰ ਜਾਨਲੇਵਾ ਬਿਮਾਰੀ ਦਾ ਇਲਾਜ ਕਰਨ ਤੋਂ ਬਗੈਰ ਹੀ ਦੁਨੀਆ ਤੋਂ ਚੱਲ ਵਸਿਆ ਸੀ। ਮੌਕੇ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ 174 ਦੀ ਕਾਰਵਾਈ ਕਰਾ ਦਿੱਤੀ ਗਈ ਅਤੇ ਸਰਕਾਰ ਤੋ ਮੰਗ ਕੀਤੀ ਕਿ ਪਰਿਵਾਰ ਦਾ ਸਾਰਾ ਕਰਜ਼ਾ ਖ਼ਤਮ ਕਰ ਕੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਆਰਥਿਕ ਮਦਦ ਲਈ ਦਸ ਲੱਖ ਰੁਪਏ ਦਿੱਤੇ ਜਾਣ। ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਖੁਦਕੁਸ਼ੀਆਂ ਰੋਕਣ ਦੀ ਬਜਾਏ ਲੋਕ ਵਿਰੋਧੀ ਫ਼ੈਸਲੇ ਲਾਗੂ ਕਰ ਰਹੀ ਹੈ। ਸਰਕਾਰ ਹਰ ਰੋਜ਼ ਹੋ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰੇ ਨਾ ਕੇ ਆਪਣੇ ਹੱਕਾਂ ਖ਼ਾਤਰ ਸੰਘਰਸ਼ ਕਰਨ ਵਾਲੇ ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਨਿੱਤ ਨਵੇਂ ਕਾਲੇ ਕਾਨੂੰਨਾਂ ਨੂੰ ਬਣਾਇਆ ਜਾ ਰਿਹਾ ਹੈ।