ਚੰਡੀਗੜ੍ਹ-ਸੰਗਰੂਰ ਜ਼ਿਲ੍ਹੇ ਦੇ ਮਲੇਰਕੋਟਲਾ ਦੇ ਨਜ਼ਦੀਕੀ ਪਿੰਡ ਸਰੋਦ ਦੇ ਨੌਜਵਾਨ ਕਿਸਾਨ ਗੁਰਮੁਖ ਸਿੰਘ(35) ਨੇ ਸਿਰ ਚੜ੍ਹੇ ਪੰਜ ਲੱਖ ਦੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਪਹਿਲਾਂ ਥੋੜ੍ਹੀ-ਥੋੜ੍ਹੀ ਕਰਕੇ ਜ਼ਮੀਨ ਵੇਚੀ ਤਾਂ ਜੋ ਉਸ ਸਿਰ ਚੜਿ੍ਹਆ ਕਰਜ਼ਾ ਉਤਰ ਜਾਵੇ ਪਰ ਇਸ ਤਰ੍ਹਾਂ ਨਹੀਂ ਹੋਇਆ। ਉਸ ਨੇ ਪ੍ਰੇਸ਼ਾਨ ਹੋ ਕੇ ਆਪਣੇ ਘਰ ਵਿਚ ਹੀ ਫਾਹਾ ਲਗਾ ਲਿਆ।
ਦੂਜੀ ਘਟਨਾ ਵਿੱਚ ਅਵਤਾਰ ਸਿੰਘ (43) ਪੁੱਤਰ ਬੇਅੰਤ ਸਿੰਘ ਵਾਸੀ ਚੂਹੜਚੱਕ (ਅਜੀਤਵਾਲ) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਪਤਨੀ ਮੁਤਾਬਕ ਉਸਦੇ ਪਤੀ 2 ਏਕੜ ਜ਼ਮੀਨ ਦਾ ਮਾਲਕ ਸੀ ਤੇ ਉਸ ਦੇ ਸਿਰ 3 ਲੱਖ ਦੇ ਕਰੀਬ ਕਰਜ਼ਾ ਸੀ ਜਿਸ ਵਿਚ ਬੈਂਕ, ਸੁਸਾਇਟੀ ਤੇ ਆੜ੍ਹਤੀਏ ਦੀ ਰਕਮ ਵੀ ਸ਼ਾਮਿਲ ਸੀ ਜਿਸ ਨੂੰ ਲੈ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਜਦ ਉਹ ਆਪਣੇ ਖੇਤ ਹਰਾ ਚਾਰਾ ਲੈਣ ਗਿਆ ਤਾਂ ਘਰ ਵਾਪਸ ਨਾ ਆਇਆ। ਜਦ ਉਸ ਦਾ ਪੁੱਤਰ ਉਸ ਦਾ ਪਤਾ ਕਰਨ ਲਈ ਖੇਤ ਗਿਆ ਤਾਂ ਉਹ ਜ਼ਹਿਰੀਲੀ ਦਵਾਈ ਪੀ ਕੇ ਡਿੱਗਿਆ ਪਿਆ ਸੀ। ਉਸੇ ਦੌਰਾਨ ਹੀ ਉਸ ਦੀ ਮੌਤ ਹੋ ਗਈ।