ਚੰਡੀਗੜ੍ਹ-ਕਰਜ਼ੇ ਕਾਰਨ ਬੀਤੇ ਦਿਨ ਤਿੰਨ ਕਿਸਾਨ ਤੇ ਇੱਕ ਖੇਤ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ ਹੈ। ਪਹਿਲੀ ਘਟਨਾ ਵਿੱਚ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਬਲਾਕ ਦੇ ਪਿੰਡ ਰਾਮਪੁਰਾ ਦੇ ਚਮਕੌਰ ਸਿੰਘ(62) ਨੇ ਕਰਜ਼ੇ ਦੇ ਬੋਝ ਕਾਰਨ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਮੁਤਾਬਕ ਉਸਦੇ ਸਿਰ ਬੈਕਾਂ, ਸੁਸਾਇਟੀਆਂ ਸਮੇਤ ਆੜ੍ਹਤੀਏ ਦਾ 10 ਲੱਖ ਰੁਪਏ ਦਾ ਕਰਜ਼ ਸੀ।
ਦੂਜੀ ਘਟਨਾ ਵਿੱਚ ਮਾਨਸਾ ਜ਼ਿਲ੍ਹੇ ਦੀ ਝੁਨੀਰ ਬਲਾਕ ਦੇ ਪਿੰਡ ਕੋਟਧਰਮੂ ਦੇ 28 ਸਾਲਾ ਨੌਜਵਾਨ ਕਿਸਾਨ ਬਿੱਕਰ ਸਿੰਘ ਨੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ ਹੈ। ਉਸਦੇ ਸਿਰ ਤਿੰਨ ਲੱਖ ਦਾ ਕਰਜ਼ਾ ਸੀ।
ਤੀਜ਼ੀ ਘਟਨਾ ਵਿੱਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮੁਕਾਰੋਂਪੁਰ ਦੇ ਕਿਸਾਨ ਸੁਖਵਿੰਦਰ ਸਿੰਘ (36 ਸਾਲ) ਪੁੱਤਰ ਗੁਰਨਾਮ ਸਿੰਘ ਨੂੰ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ ਹੈ। ਕਿਸਾਨ ਉੱਪਰ 20 ਲੱਖ ਰੁਪਏ ਦਾ ਕਰਜ਼ਾ ਸੀ। ਉਸ ਨੇ ਇਸ ਕਾਰਨ ਨਹਿਰ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ।
ਚੌਥੀ ਘਟਨਾ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਵਿੱਚ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਖੇਤ ਮਜ਼ਦੂਰ ਬੂਟਾ ਸਿੰਘ (45) ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਸਰਕਾਰੀ ਕਰਜ਼ਾ ਅਤੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਉਸਨੇ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।