ਫਰੀਦਕੋਟ: ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਪਰਚਿਆਂ ਖਿਲਾਫ ਸੰਘਰਸ਼ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਅੰਦੋਲਨ ’ਚ ਆਏ ਕਿਸਾਨ ਨੇ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰ ਲਈ। ਇਸ ਮਗਰੋਂ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਹੈ। ਕਿਸਾਨਾਂ ਨੇ ਹੁਣ ਸਰਕਾਰ ਖਿਲਾਫ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕਰ ਦਿੱਤਾ ਹੈ।

ਦਰਅਸਲ ਪਰਾਲੀ ਮਾਮਲਿਆਂ ਦੇ ਨਿਬੇੜੇ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਪੰਜਾਬ ਵਿਆਪੀ ਅੰਦੋਲਨ ਛੇੜਿਆ ਹੋਇਆ ਹੈ। ਸ਼ਨੀਵਾਰ ਨੂੰ ਜੈਤੋ ਉਪ ਮੰਡਲ ਪ੍ਰਬੰਧਕੀ ਕੰਪਲੈਕਸ ਵਿੱਚ ਧਰਨੇ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਿਆਂਵਾਲੀ ਦੇ ਕਿਸਾਨ ਜਗਸੀਰ ਸਿੰਘ ਉਰਫ਼ ਜੱਗਾ (47) ਪੁੱਤਰ ਦਿਆਲ ਸਿੰਘ ਨੇ ਖੁਦਕੁਸ਼ੀ ਕਰ ਲਈ। ਇਹ ਅੰਦੋਲਨ ਸੱਤ ਨਵੰਬਰ ਤੋਂ ਚੱਲ ਰਿਹਾ ਹੈ। ਕਿਸਾਨ ਜਗਸੀਰ ਸਿੰਘ ਤਿੰਨ ਏਕੜ ਜ਼ਮੀਨ ਦਾ ਮਾਲਕ ਤੇ ਕਰੀਬ 10 ਲੱਖ ਰੁਪਏ ਦਾ ਕਰਜ਼ਈ ਸੀ। ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਉਸ ਦੀਆਂ ਦੋ ਧੀਆਂ ਤੇ ਦੋ ਪੁੱਤਰ ਹਨ। 5 ਦਸੰਬਰ ਨੂੰ ਧਰਨੇ ’ਚ ਸ਼ਾਮਲ ਹੋਣ ਆਇਆ ਜਗਸੀਰ ਧਰਨਾਕਾਰੀਆਂ ਲਈ ਲੰਗਰ ਵਿੱਚ ਸੇਵਾ ਨਿਭਾਅ ਰਿਹਾ ਸੀ। ਧਰਨੇ ਵਾਲੀ ਥਾਂ ’ਤੇ ਸੁੱਤਾ ਜਗਸੀਰ ਸ਼ਨੀਵਾਰ ਸੁਵੱਖ਼ਤੇ ਆਮ ਵਾਂਗ ਉੱਠਿਆ ਤੇ ਚਾਹ-ਪਾਣੀ ਪੀ ਕੇ ਬਾਜ਼ਾਰ ਚਲਾ ਗਿਆ। ਕੁਝ ਸਮੇਂ ਮਗਰੋਂ ਆ ਕੇ ਉਹ ਧਰਨਾ ਸਥਾਨ ਨੇੜੇ ਖੜ੍ਹੀਆਂ ਟਰਾਲੀਆਂ ਵਿੱਚ ਗਿਆ ਜਿੱਥੇ ਉਸ ਦੀ ਹਾਲਤ ਇਕਦਮ ਵਿਗੜ ਗਈ। ਕੁਝ ਦੇਰ ਪਿੱਛੋਂ ਪਹੁੰਚੀ ਐਂਬੂਲੈਂਸ ਰਾਹੀਂ ਜਗਸੀਰ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਕਿਸਾਨਾਂ ਨੇ ਹਸਪਤਾਲ ਬਾਹਰ ਧਰਨਾ ਲਾ ਦਿੱਤਾ।