ਸੰਗਰੂਰ: ਕਰਜ਼ਾ ਮੁਕਤੀ ਲਈ ਪਿੰਡ ਘਰਾਚੋਂ ਵਿੱਚ ਚੱਲ ਰਹੇ ਮੋਰਚੇ ਵਿੱਚ ਕਰਜ਼ ਤੋਂ ਪ੍ਰੇਸ਼ਾਨ ਕਿਸਾਨ ਨੇ ਸੰਗਰੂਰ ਦੇ ਐਸ.ਐਸ.ਪੀ. ਤੇ ਪੁਲਿਸ ਦੀ ਮੌਜੂਦਗੀ ਵਿੱਚ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ ਪਰ ਪ੍ਰਸ਼ਾਸਨ ਨੇ ਪੀੜਤ ਕਿਸਾਨ ਨੂੰ ਹਸਪਤਾਲ ਤੱਕ ਲਿਜਾਣ ਦੀ ਜ਼ਰੂਰਤ ਵੀ ਨਹੀਂ ਸਮਝੀ। ਹਾਲਾਂਕਿ ਇਸ ਦੌਰਾਨ ਕਿਸਾਨ ਦੇ ਸਾਥੀ ਪੀੜਤ ਨੂੰ ਹਸਪਤਾਲ ਲੈ ਕੇ ਗਏ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਿਸਾਨ ਆਗੂਆਂ ਮੁਤਾਬਕ ਪਿੰਡ ਘਰਾਚੋਂ ਦਾ ਮ੍ਰਿਤਕ ਕਿਸਾਨ ਦਰਸ਼ਨ ਸਿੰਘ ਪਿਛਲੇ ਕੁਝ ਦਿਨਾਂ ਤੋਂ ਪ੍ਰਾਈਵੇਟ ਬੈਂਕ ਦਾ ਕਰਜ਼ਾ ਨਾ ਮੋੜ ਸਕਣ ਕਾਰਨ ਪ੍ਰੇਸ਼ਾਨ ਸੀ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਆਗੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਖ਼ੁਦਕੁਸ਼ੀ ਕਰਨ ਵਾਲਾ ਕਿਸਾਨ ਦਰਸ਼ਨ ਸਿੰਘ ਅੱਧੇ ਕਿੱਲੇ ਦਾ ਮਾਲਕ ਸੀ ਤੇ ਉਸ 'ਤੇ ਅੱਠ ਲੱਖ ਦਾ ਕਰਜ਼ਾ ਸੀ। ਮ੍ਰਿਤਕ ਕਿਸਾਨ ਦੇ ਦੋ ਪੁੱਤਰ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ ਤੇ ਦੂਜਾ ਵੀ ਦਿਹਾੜੀ ਕਰ ਕੇ ਗੁਜ਼ਾਰਾ ਕਰ ਰਿਹਾ ਹੈ।
ਕਿਸਾਨ ਆਗੂ ਮੁਤਾਬਕ ਚੰਡੀਗੜ੍ਹ ਪੱਕੇ ਮੋਰਚੇ ਤਹਿਤ ਜ਼ਿਲ੍ਹੇ ਭਰ ਦੇ ਕਿਸਾਨਾਂ ਨੇ ਘਰਾਚੋਂ ਵਿੱਚ ਪਟਿਆਲਾ-ਮਾਨਸਾ ਰੋੜ ਉੱਤੇ ਜਾਮ ਲਾਇਆ ਹੋਇਆ ਸੀ। ਘਟਨਾ ਉਦੋਂ ਵਾਪਰੀ ਜਦੋਂ ਕਿਸਾਨ ਮੋਰਚੇ ਵਿੱਚ ਜ਼ਿਲ੍ਹੇ ਭਰ ਦੀ ਪੁਲਿਸ ਸੰਗਰੂਰ ਜ਼ਿਲ੍ਹੇ ਦੇ ਐਸ.ਐਸ.ਪੀ. ਹਾਜ਼ਰੀ ਵਿੱਚ ਤਾਇਨਾਤ ਸੀ। ਇਸ ਦੇ ਬਾਅਦ ਵੀ ਪੁਲਿਸ ਨੇ ਕੋਈ ਸੰਜੀਦਗੀ ਨਹੀਂ ਦਖਾਈ ਤੇ ਗੰਭੀਰ ਹਾਲਤ ਵਿੱਚ ਪਏ ਕਿਸਾਨ ਨੂੰ ਹਸਪਤਾਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਸਾਨਾਂ ਨੇ ਆਪਣੇ ਸਾਥੀਆਂ ਨਾਲ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਲੈ ਕੇ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਹਸਪਤਾਲ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੋ ਰਹੀਆਂ ਕਿਸਾਨ ਖੁਦਕੁਸ਼ੀਆਂ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਕਿਸਾਨਾਂ ਆਗੂਆਂ ਨੇ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ ਮੁਆਫ਼ ਕਰਨ ਸਮੇਤ ਪੀੜਤ ਕਿਸਾਨ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਕਰਜ਼ਾ ਮੁਕਤੀ ਸਮੇਤ ਹੋਰ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ 5 ਸਤੰਬਰ ਨੂੰ ਪੱਕੇ ਮੋਰਚੇ ਦਾ ਐਲਾਨ ਕੀਤਾ ਸੀ ਜਿਸ ਤਹਿਤ ਮੋਰਚੇ ਲਈ ਚੰਡੀਗੜ੍ਹ ਆ ਰਹੇ ਕਿਸਾਨਾਂ ਨੂੰ ਪੁਲਿਸ ਵੱਲੋਂ ਰਸਤੇ ਵਿੱਚ ਹੀ ਰੋਕਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।ਪੁਲਿਸ ਵੱਲੋਂ ਜਿੱਥੇ ਰੋਕਿਆ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਮੁਤਾਬਕ ਪੁਲਿਸ ਵੱਲੋਂ ਜਬਰੀ ਕਿਸਾਨਾਂ ਦੇ ਧਰਨੇ ਤੋਂ ਚੁੱਕਿਆ ਜਾ ਰਿਹਾ ਹੈ।