ਕਿਸਾਨੀ ਸੰਕਟ ਦੇ ਹੱਲ ਲਈ ਜੁਟਣਗੀਆਂ ਕਿਸਾਨ ਜਥੇਬੰਦੀਆਂ
ਏਬੀਪੀ ਸਾਂਝਾ | 20 Feb 2018 12:33 PM (IST)
ਫ਼ਾਈਲ ਤਸਵੀਰ
ਚੰਡੀਗੜ੍ਹ: ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਕਿਸਾਨ ਜਥੇਬੰਦੀਆਂ 24 ਅਤੇ 25 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕੱਠੀਆਂ ਹੋ ਕੇ ਕਿਸਾਨੀ ਦੇ ਗੰਭੀਰ ਸੰਕਟ 'ਤੇ ਚਰਚਾ ਕਰਨਗੀਆਂ ਅਤੇ ਕਿਸਾਨ ਅੰਦੋਲਨ ਨੂੰ ਫੈਸਲਾਕੁੰਨ ਪੜਾਅ ਤੱਕ ਲਿਜਾਣ ਲਈ ਅੰਦੋਲਨ ਦੀ ਰੂਪਰੇਖਾ ਵੀ ਗੋਸ਼ਟੀ ਦੌਰਾਨ ਤਹਿ ਕੀਤੀ ਜਾਵੇਗੀ। ਇਹ ਗੱਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਇਸ ਦੋ ਦਿਨਾਂ ਗੋਸ਼ਟੀ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਦੇ ਦੂਜੇ ਰਾਜਾਂ ਦੇ ਘੱਟੋ ਘੱਟ 100 ਡੈਲੀਗੇਟਸ ਦੀ ਸ਼ਮੂਲੀਅਤ ਪੱਕੀ ਹੋ ਚੁੱਕੀ ਹੈ। ਪੰਜਾਬ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਦੇ ਲਗਭਗ 150 ਡੈਲੀਗੇਟ ਵੀ ਇਸ ਦੋ ਦਿਨਾਂ ਗੋਸ਼ਟੀ ਵਿੱਚ ਸ਼ਾਮਲ ਹੋਣਗੇ। ਇਸ ਗੋਸ਼ਟੀ ਨੂੰ ਸੰਬੋਧਨ ਕਰਨ ਲਈ ਉੱਘੇ ਖੇਤੀ ਨੀਤੀਆਂ ਦੇ ਵਿਚਾਰਕ ਦਵਿੰਦਰ ਸ਼ਰਮਾ ਵੀ ਲਗਾਤਾਰ ਸ਼ਾਮਲ ਰਹਿਣਗੇ। ਰਾਜੇਵਾਲ ਨੇ ਕਿਹਾ ਕਿ ਇਸ ਵੇਲੇ ਸਾਰੇ ਦੇਸ਼ ਵਿੱਚ ਕਿਸਾਨੀ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੀ ਹੈ ਤੇ ਸਰਕਾਰਾਂ ਗੰਭੀਰ ਨਹੀਂ ਹਨ। ਕਿਸਾਨ ਖ਼ੁਦਕੁਸ਼ੀਆਂ ਵੱਧ ਰਹੀਆਂ ਹਨ। ਸਰਕਾਰਾਂ ਨੇ ਨੀਤੀਬੱਧ ਢੰਗ ਨਾਲ ਖੇਤੀ ਕਿੱਤੇ ਨੂੰ ਘਾਟੇ ਵਾਲਾ ਬਣਾ ਕੇ ਕਿਸਾਨੀ ਨੂੰ ਗੰਭੀਰ ਕਰਜੇ ਦੇ ਜਾਲ ਵਿੱਚ ਫਸਾ ਦਿੱਤਾ ਹੈ। ਇਸ ਵੇਲੇ ਸਾਰੇ ਦੇਸ਼ ਵਿੱਚ ਕਿਸਾਨਾਂ ਅੰਦਰ ਰਾਜਨੀਤਕ ਲੋਕਾਂ ਵਿਰੁੱਧ ਗੁੱਸਾ ਹੈ। ਇਸੇ ਲਈ ਕਿਸਾਨ ਜਥੇਬੰਦੀਆਂ ਵਿੱਚ ਵੀ ਵੱਡੀ ਪੱਧਰ 'ਤੇ ਸਿਆਸੀ ਪਾਰਟੀਆਂ ਨੇ ਘੁਸਪੈਠ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹਿਤੈਸ਼ੀ ਬਣ ਕੇ ਅੰਦੋਲਨ ਵਿੱਚ ਕਿਸਾਨਾਂ ਨੂੰ ਥਕਾ ਦੇਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸੱਚ ਮੁੱਚ ਇਹ ਲੋਕ ਕਿਸਾਨਾਂ ਪ੍ਰਤੀ ਕਿੰਨੇ ਕੁ ਗੰਭੀਰ ਹਨ ਇਸ ਨੂੰ ਘੋਖਣਾ ਜ਼ਰੂਰੀ ਹੈ।