ਬਠਿੰਡਾ: ਕਿਸਾਨਾਂ ਨੂੰ ਝੋਨੇ ਦੀ ਲਵਾਈ ਬੇਹੱਦ ਮਹਿੰਗੀ ਪੈ ਰਹੀ ਹੈ। ਇੱਕ ਤਾਂ ਕਿਸਾਨਾਂ ਨੂੰ ਲਵਾਈ ਲਈ ਮਜ਼ਦੂਰ ਨਹੀਂ ਮਿਲ ਰਹੇ, ਦੂਜਾ ਜਿਹੜੇ ਮਜ਼ਦੂਰ ਉਪਲੱਬਧ ਵੀ ਹਨ, ਉਹ ਪੈਸੇ ਵੱਧ ਮੰਗ ਰਹੇ ਹਨ। ਪੰਜਾਬ ਸਰਕਾਰ ਨੇ 13 ਜੂਨ ਤੋਂ ਨੂੰ ਪੰਜਾਬ ਭਰ ਵਿੱਚ ਝੋਨੇ ਦੀ ਲਵਾਈ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਕੁਝ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਵੀ ਕਰ ਦਿੱਤੀ ਗਈ ਹੈ ਪਰ ਲਗਪਗ ਅੱਧ ਤੋਂ ਵੱਧ ਕਿਸਾਨ ਝੋਨੇ ਦੀ ਲਵਾਈ ਕਰਾਉਣ ਲਈ ਪਰਵਾਸੀਆਂ ਦੀ ਉਡੀਕ 'ਚ ਸਟੇਸ਼ਨਾਂ ਉੱਪਰ ਖ਼ੱਜਲ਼-ਖ਼ੁਆਰ ਹੋ ਰਹੇ ਹਨ।
ਉਕਤ ਤਸਵੀਰ ਬਠਿੰਡਾ ਦੇ ਰੇਲਵੇ ਸਟੇਸ਼ਨ ਦੀ ਹੈ, ਜਿੱਥੇ ਕਿਸਾਨ ਪਰਵਾਸੀਆਂ ਦੀ ਉਡੀਕ ਵਿੱਚ ਪਿਛਲੇ ਕਈ ਦਿਨਾਂ ਤੋਂ ਡੇਰੇ ਲਾਈ ਬੈਠੇ ਹਨ। ਰੇਲਵੇ ਸਟੇਸ਼ਨ 'ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਦਿਨਾਂ ਤੋਂ ਪਰਵਾਸੀ ਮਜ਼ਦੂਰਾਂ ਦਾ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਆਉਣ ਵਾਲੀ 13 ਤਰੀਕ ਤੋਂ ਖੇਤਾਂ ਵਿੱਚ ਝੋਨੇ ਦੀ ਲਵਾਈ ਸ਼ੁਰੂ ਕਰਨੀ ਹੈ। ਇਸ ਲਈ ਕਿਸਾਨ ਸਟੇਸ਼ਨ 'ਤੇ ਦਿਨ-ਰਾਤ ਇੰਤਜ਼ਾਰ ਕਰ ਰਹੇ ਹਨ। ਯੂਪੀ, ਬਿਹਾਰ ਤੇ ਰਾਜਸਥਾਨ ਤੋਂ ਜਿਹੜੇ ਪਰਵਾਸੀ ਆਉਂਦੇ ਹਨ, ਉਹ ਪੈਸਿਆਂ ਦੀ ਬਹੁਤ ਮੰਗ ਕਰ ਰਹੇ ਹਨ।
ਮਜ਼ਦੂਰਾਂ ਵੱਲੋਂ ਕਿਸਾਨਾਂ ਕੋਲੋਂ ਝੋਨੇ ਦੀ ਲਵਾਈ ਲਈ 3500 ਤੋਂ 4 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇੱਥੋਂ ਤਕ ਕਿ ਮਜ਼ਦੂਰ ਰਾਸ਼ਨ ਤੇ ਮੰਜੇ ਬਿਸਤਰੇ ਵੀ ਮੰਗ ਰਹੇ ਹਨ। ਕਿਸਾਨ ਕਹਿੰਦੇ ਹਨ ਕਿ ਉਹ ਮਜ਼ਦੂਰਾਂ ਨੂੰ ਕੀ-ਕੀ ਦੇਣ। ਸਰਕਾਰ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਕਰ ਰਹੀ। ਕਿਸਾਨਾਂ ਦੇ ਝੋਨੇ ਦੀ ਲਵਾਈ ਲਈ ਇੱਕ ਰੇਟ ਤੈਅ ਕਰਨ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਰਾਜਸਥਾਨ ਦੇ ਅਲਵਰ ਵਿੱਚੋਂ ਆਏ ਪਰਵਾਸੀ ਮਜ਼ਦੂਰ ਨੇ ਕਿਹਾ ਕਿ ਉਹ ਦੋ-ਤਿੰਨ ਦਿਨਾਂ ਤੋਂ ਇੱਥੇ ਆਏ ਹੋਏ ਹਨ। ਇੱਥੇ ਉਨ੍ਹਾਂ ਨੂੰ ਝੋਨੇ ਦੀ ਲਵਾਈ ਦਾ ਸਹੀ ਰੇਟ ਨਹੀਂ ਮਿਲ ਰਿਹਾ। ਉਨ੍ਹਾਂ ਨੂੰ ਲਵਾਈ ਬਦਲੇ ਸਿਰਫ 2100-2200 ਰੁਪਏ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾ ਵੀ ਇਹੀ ਕਹਿਣਾ ਸੀ ਕਿ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ। ਇੱਥੇ ਬੈਠਿਆਂ ਨੂੰ ਤਿੰਨ-ਤਿੰਨ ਚਾਰ-ਚਾਰ ਦਿਨ ਲੱਗ ਜਾਂਦੇ ਹਨ। ਉਹ ਆਪਣੇ ਪਰਿਵਾਰ ਸਮੇਤ ਆਉਂਦੇ ਹਨ ਪਰ ਇੱਥੇ ਆ ਕੇ ਉਨ੍ਹਾਂ ਨੂੰ ਕੁਝ ਨਹੀਂ ਮਿਲਦਾ। ਮੰਜੇ ਬਿਸਤਰੇ ਵੀ ਨਹੀਂ ਮਿਲਦੇ। ਮਜ਼ਦੂਰਾਂ ਨੇ ਮੰਗ ਕੀਤੀ ਕਿ ਉਹ ਆਪਣਾ ਘਰ ਛੱਡ ਕੇ ਆਉਂਦੇ ਹਨ, ਇਸ ਲਈ ਉਨ੍ਹਾਂ ਨੂੰ ਮਿਹਨਤ ਦੇ ਹਿਸਾਬ ਨਾਲ ਸਹੀ ਰੇਟ ਦਿੱਤਾ ਜਾਵੇ।
ਝੋਨੇ ਦੀ ਲਵਾਈ 'ਚ ਅੜਿੱਕਾ, ਸਟੇਸ਼ਨਾਂ 'ਤੇ ਪਰਵਾਸੀਆਂ ਨੂੰ ਉਡੀਕ ਰਹੇ ਕਿਸਾਨ
ਏਬੀਪੀ ਸਾਂਝਾ
Updated at:
12 Jun 2019 03:27 PM (IST)
ਮਜ਼ਦੂਰਾਂ ਵੱਲੋਂ ਕਿਸਾਨਾਂ ਕੋਲੋਂ ਝੋਨੇ ਦੀ ਲਵਾਈ ਲਈ 3500 ਤੋਂ 4 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇੱਥੋਂ ਤਕ ਕਿ ਮਜ਼ਦੂਰ ਰਾਸ਼ਨ ਤੇ ਮੰਜੇ ਬਿਸਤਰੇ ਵੀ ਮੰਗ ਰਹੇ ਹਨ। ਕਿਸਾਨ ਕਹਿੰਦੇ ਹਨ ਕਿ ਉਹ ਮਜ਼ਦੂਰਾਂ ਨੂੰ ਕੀ-ਕੀ ਦੇਣ।
- - - - - - - - - Advertisement - - - - - - - - -