ਨਵੀਂ ਦਿੱਲੀ: ਮਾਨਸੂਨ ਹਵਾਵਾਂ ਭਾਰਤ ਪਹੁੰਚ ਚੁੱਕੀਆਂ ਹਨ ਪਰ ਦੱਖਣ ਪੱਛਮੀ ਮਾਨਸੂਮ ਦੇ ਸੁਸਤ, ਇੱਕ ਸਾਲ ਨਾ ਹੋਣ ਤੇ ਦੇਰੀ ਨਾਲ ਆਉਣ ਕਾਰਨ ਇਸ ਨੇ ਕਿਸਾਨਾਂ ਦੇ ਨਾਲ-ਨਾਲ ਨੀਤੀਘਾੜਿਆਂ ਨੂੰ ਫਿਕਰਾਂ ਵਿੱਚ ਪਾ ਦਿੱਤਾ ਹੈ। ਇਨ੍ਹਾਂ ਹਾਲਾਤ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਝੋਨੇ ਦੀ ਫ਼ਸਲ ਹੋਣ ਵਾਲੀ ਹੈ। ਇਸ ਦੇ ਨਾਲ ਹੀ ਅਰਹਰ ਦੀ ਦਾਲ, ਸੋਇਆਬੀਨ ਤੇ ਹੋਰ ਅਨਾਜ ਦੀ ਪੈਦਾਵਾਰ ਵੀ ਪ੍ਰਭਾਵਿਤ ਹੋ ਸਕਦੀ ਹੈ।

ਦੇਸ਼ ਵਿੱਚ ਸੋਕੇ ਦੀ ਸਮੱਸਿਆ ਕੁਝ-ਕੁਝ ਇਲਾਕਿਆਂ ਵਿੱਚ ਰਹੇਗੀ ਪਰ ਇਸ ਦਾ ਵਿਆਪਕ ਅਸਰ ਦੇਖਣ ਨੂੰ ਨਹੀਂ ਮਿਲੇਗਾ। ਮੌਸਮ ਵਿਗਿਆਨੀਆਂ ਮੁਤਾਬਕ ਦੇਸ਼ ਦੇ 100 ਜ਼ਿਲ੍ਹਿਆਂ ਵਿੱਚ ਸਾਉਣ ਦੇ ਮੀਂਹ ਘੱਟ ਵਰ੍ਹਨਗੇ। ਇਨ੍ਹਾਂ ਵਿੱਚ ਮਹਾਰਾਸ਼ਟਰ ਦੇ ਵਿਦਰਭ ਖੇਤਰ, ਤੇਲੰਗਾਨਾ, ਬਿਹਾਰ ਤੇ ਝਾਰਖੰਡ ਦੇ ਕੁਝ ਇਲਾਕੇ ਸ਼ਾਮਲ ਹਨ।

ਹਾਲਾਂਕਿ, ਮਾਨਸੂਨ ਦੀ ਭਵਿੱਖਬਾਣੀ ਲਈ ਸਰਕਾਰੀ ਤੇ ਨਿੱਜੀ ਏਜੰਸੀਆਂ ਦੇ ਦਾਅਵੇ ਵੱਖ-ਵੱਖ ਹਨ। ਜਿੱਥੇ ਭਾਰਤੀ ਮੌਸਮ ਵਿਭਾਗ ਇਸ ਵਾਰ ਮਾਨਸੂਨ ਆਮ ਵਾਂਗਰ ਦੱਸ ਰਿਹਾ ਹੈ, ਉੱਥੇ ਹੀ ਸਕਾਈਮੈੱਟ ਨੇ ਭਵਿੱਖਬਾਣੀ ਕੀਤੀ ਹੈ ਕਿ ਮਾਨਸੂਨ ਆਮ ਨਾਲੋਂ ਘੱਟ ਹੋਵੇਗਾ।

ਸਕਾਈਮੈੱਟ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਪਿਛਲੀ ਵਾਰ ਜਿੱਥੇ ਝੋਨੇ ਦੀ ਪੈਦਾਵਾਰ 101.96 ਮਿਲੀਅਨ ਟਨ ਹੋਈ ਸੀ ਇਸ ਵਾਰ ਇਹ ਘੱਟ ਕੇ 97.78 ਮਿਲੀਅਨ ਟਨ ਰਹਿ ਸਕਦੀ ਹੈ। ਘੱਟ ਮੀਂਹ ਕਾਰਨ ਸਰਕਾਰ ਨੇ ਸਾਵਧਾਨੀ ਵਜੋਂ ਕੁਝ ਕਦਮ ਚੁੱਕੇ ਹਨ। ਸਰਕਾਰ ਨੇ 50,000 ਟਨ ਪਿਆਜ਼ ਖਰੀਦਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਜੋ ਥੁੜ ਹੋਣ 'ਤੇ ਕੀਮਤਾਂ ਨੂੰ ਕਾਬੂ ਵਿੱਚ ਰੱਖਿਆ ਜਾ ਸਕੇ।

ਦੇਖੋ ਵੀਡੀਓ-