ਬਟਾਲਾ- ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਬ ਡਵੀਜ਼ਨ ਲੈਵਲ ਮੋਨੀਟਰਿੰਗ ਟੀਮ ਵੱਲੋਂ ਖੇਤਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਨੂੰ ਜ਼ੁਰਮਾਨੇ ਕੀਤੇ ਗਏ ਹਨ। ਡਾ. ਬਲਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਧਿਕਾਰੀ ਬਲਾਕ ਡੇਰਾ ਬਾਬਾ ਨਾਨਕ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਮਾਲ ਵਿਭਾਗ ਅਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਵੀ ਮੌਜੂਦ ਸਨ ਵੱਲੋਂ ਨਵਾਂ ਪਿੰਡ ਅਤੇ ਮਿਰਜਾਜਾਨ ਦਾ ਦੌਰਾ ਕੀਤਾ ਗਿਆ।


ਨਵਾਂ ਪਿੰਡ ਦੇ ਦੌਰੇ ਦੌਰਾਨ ਟੀਮ ਨੇ ਜਾਂਚ 'ਚ ਪਾਇਆ ਕਿ ਪਿੰਡ ਦੇ ਕਿਸਾਨ ਗੁਰਜਿੰਦਰ ਸਿੰਘ ਨੇ ਆਪਣੇ ਖੇਤ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਖੇਤ ਵਾਹ ਦਿੱਤੇ ਸਨ ਅਤੇ ਆਲੂਆਂ ਦੀ ਬਿਜਾਈ ਕਰ ਦਿੱਤੀ ਸੀ। ਕਿਸਾਨ ਵੱਲੋਂ ਆਪਣੀ ਗਲਤੀ ਮੰਨ ਲੈਣ 'ਤੇ ਟੀਮ ਵੱਲੋਂ ਉਸਨੂੰ 2500 ਰੁਪਏ ਵਾਤਾਵਰਨ ਹਰਜਾਨਾ ਪਾਇਆ ਗਿਆ।



ਖੇਤੀਬਾੜੀ ਅਧਿਕਾਰੀ ਡਾ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸੇ ਤਰਾਂ ਮੋਨੀਟਰਿੰਗ ਟੀਮ ਵੱਲੋਂ ਪਿੰਡ ਮਿਰਜਾਜਾਨ ਦਾ ਦੌਰਾ ਕੀਤਾ ਗਿਆ। ਇਸ ਪਿੰਡ ਦੇ ਜਿੰਮੀਦਾਰ ਵੱਸਣ ਸਿੰਘ ਵੱਲੋਂ ਆਪਣੇ ਖੇਤ 'ਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਸਾੜਿਆ ਗਿਆ ਸੀ। ਮੋਨੀਟਰਿੰਗ ਟੀਮ ਵੱਲੋਂ ਕਿਸਾਨ ਨੂੰ 2500 ਰੁਪਏ ਜੁਰਮਾਨਾ ਕੀਤਾ ਗਿਆ ਜਿਸ ਨੂੰ ਕਿਸਾਨ ਵੱਲੋਂ ਮੌਕੇ 'ਤੇ ਜਮ੍ਹਾਂ ਕਰਾ ਦਿੱਤਾ ਗਿਆ।

ਖੇਤੀਬਾੜੀ ਅਧਿਕਾਰੀ ਡਾ. ਬਲਜਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਝੋਨੇ ਦੀ ਪਰਾਲੀ ਨੂੰ ਖੇਤਾਂ 'ਚ ਅੱਗ ਲਗਾ ਕੇ ਨਾ ਸਾੜਨ। ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਐਸ.ਐਮ.ਐਸ. ਯੰਤਰ ਲੱਗੀ ਕੰਬਾਇਨ ਨਾਲ ਕਰਾਉਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਵਿਧੀਆਂ ਹਨ ਜਿਨ੍ਹਾਂ ਨਾਲ ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਸਬ ਡਵੀਜ਼ਨ ਮੋਨੀਟਰਿੰਗ ਟੀਮ ਵੱਲੋਂ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਖੇਤਾਂ 'ਚ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।