ਬਠਿੰਡਾ: ਪਰਾਲੀ ਸਾੜੇ ਜਾਣ ਕਾਰਨ ਹੋਏ ਕੇਸਾਂ ਅਤੇ ਝੋਨੇ ਦੀ ਵੱਧ ਨਮੀ ਨਾਲ ਝੂਜਦੇ ਕਿਸਾਨਾਂ ਨੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰ ਲਿਆ ਹੈ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕਰਨ 'ਤੇ ਬਠਿੰਡਾ ਸ਼ਹਿਰ ਨੂੰ ਮੁਕੰਮਲ ਬੰਦ ਦਾ ਅਲਟੀਮੇਟਮ ਦਿੱਤਾ ਹੈ।

ਇਸੇ ਕੜੀ ਤਹਿਤ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ ਵਿੱਚ ਕਿਸਾਨ ਜਥੇਬੰਦੀਆਂ ਨੇ ਮੰਡੀਆਂ ਵਿੱਚ ਢਿੱਲੇ ਖ਼ਰੀਦ ਪ੍ਰਬੰਧਾਂ ਅਤੇ ਝੋਨੇ ਨਮੀ ਤੋਂ ਪ੍ਰੇਸ਼ਾਨ ਹੋ ਕੇ ਬਠਿੰਡਾ-ਮੁਕਤਸਰ ਮੁੱਖ ਮਾਰਗ ਜਾਮ ਕਰ ਦਿੱਤਾ। ਕਿਸਾਨਾਂ ਦਾ ਇਲਜ਼ਾਮ ਹੈ ਕਿ ਮੌਸਮ ਦੀ ਮਾਰ ਕਾਰਨ ਵੱਧ ਨਮੀ ਵਾਲੇ ਝੋਨੇ ਦੀ ਫ਼ਸਲ ਨੂੰ ਵਾਪਸ ਘਰ ਲੈ ਕੇ ਜਾਣਾ ਪੈ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਝੋਨੇ ਦੀ ਢਿੱਲੀ ਖ਼ਰੀਦ ਵਿਰੁੱਧ ਪਿਛਲੇ ਛੇ ਦਿਨਾਂ ਤੋਂ ਬਠਿੰਡਾ ਵਿੱਚ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ। ਪ੍ਰਸ਼ਾਸਨ ਵੱਲੋਂ ਮਰਨ 'ਤੇ ਬੈਠੇ ਆਗੂਆਂ ਦੀ ਸਾਰ ਨਾ ਲਏ ਜਾਣ 'ਤੇ ਪਿੰਡ ਦੋਦਾ ਨੇੜੇ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਜਾਮ ਕਰਕੇ ਸਰਕਾਰ ਅਤੇ ਪ੍ਰਸ਼ਾਸ਼ਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।

ਕਿਸਾਨਾਂ ਦੀ ਮੰਗ ਹੈ ਕਿ ਝੋਨੇ ਦੀ ਨਮੀ 17 ਦੀ ਬਜਾਇ 23 ਫ਼ੀਸਦ ਕਰ ਕੇ ਮੰਡੀਆਂ ਵਿੱਚੋਂ ਬਗ਼ੈਰ ਸ਼ਰਤ ਮੰਡੀਆਂ ਚੁੱਕਿਆ ਜਾਵੇ। ਇਸ ਦੇ ਨਾਲ ਹੀ ਕਿਸਾਨਾਂ 'ਤੇ ਝੋਨੇ ਦੀ ਪਰਾਲੀ ਸਾੜਨ ਸਬੰਧੀ ਕੀਤੇ ਪਰਚੇ ਵਾਪਿਸ ਲੈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਸਾਉਣੀ ਦੇ ਅਗਲੇ ਸੀਜ਼ਨ 'ਚ ਕਿਸਾਨਾਂ ਨੂੰ ਪਹਿਲੀ ਜੂਨ ਤੋਂ ਝੋਨਾ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਨਮੀ ਦੀ ਵੱਧ ਮਾਤਰਾ ਕਾਰਨ ਕਿਸਾਨਾਂ ਦੀ ਮੰਡੀਆਂ ਵਿੱਚ ਖੱਜਲ ਖੁਆਰੀ ਨਾ ਹੋਵੇ।

ਦੋਦਾ ਵਿੱਚ ਲਾਏ ਧਰਨੇ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਜਰਨਲ ਸਕੱਤਰ ਨਿਰਮਲ ਸਿੰਘ ਜੱਸੇਆਣਾ ਨੇ ਦੋਸ਼ ਲਾਇਆ ਕਿ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਜਾਣਬੁੱਝ ਕੇ ਕਿਸਾਨ ਦੀ ਫ਼ਸਲ ਅਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂਆਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ ਕਰ ਰਹੀ ਹੈ। ਉਨ੍ਹਾਂ ਪ੍ਰਸ਼ਾਸ਼ਨ ਨੂੰ 18 ਤਾਰੀਖ਼ ਤਕ ਮਾਮਲਾ ਹੱਲ ਨਾ ਕਰਨ 'ਤੇ ਬਠਿੰਡਾ ਸ਼ਹਿਰ ਨੂੰ ਮੁਕੰਮਲ ਬੰਦ ਦਾ ਅਲਟੀਮੇਟਮ ਦਿੱਤਾ।