ਚੰਡੀਗੜ੍ਹ: ਕਿਸਾਨ ਨੂੰ ਸਿਰਫ ਘਾਟੇਵੰਦ ਖੇਤੀ ਨਾਲ ਹੀ ਨਹੀਂ ਜੂਝਣਾ ਪੈ ਰਿਹਾ ਬਲਕਿ ਖੇਤੀਬਾੜੀ ਨਾਲ ਜੁੜੀਆਂ ਸਮੱਸਿਆਂ ਨਾਲ ਵੀ ਰੋਜ਼ਾਨਾ ਦੋ-ਚਾਰ ਹੋਣਾ ਪੈ ਰਿਹਾ ਹੈ। ਕਿਸਾਨਾਂ ਨੂੰ ਆੜ੍ਹਤੀਆਂ ਦੇ ਚੁੰਗਲ ਵਿੱਚੋਂ ਨਿਕਲਣ ਲਈ ਬੈਂਕਾਂ ਨਾਲ ਜੁੜਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਉੱਥੇ ਵੀ ਕਿਸਾਨਾਂ ਨੂੰ ਬੈਂਕਾ ਵੱਲੋਂ ਜਲੀਲ ਕਰਨ ਦੀਆਂ ਨਿੱਤ ਘਟਨਾਵਾਂ ਵਾਪਰਦੀਆਂ ਹਨ।
ਅਜਿਹਾ ਹੀ ਮਾਮਲਾ ਸੰਗਰੂਰ ਜ਼ਿਲ੍ਹੇ ਦੇ ਪੰਜਾਬ ਐਂਡ ਸਿੰਧ ਬੈਂਕ ਦੀ ਖਨੌਰੀ ਬ੍ਰਾਂਚ ਵਿੱਚ ਸਾਹਮਣੇ ਆਇਆ, ਜਿਸ ਦੇ ਮੈਨੇਜਰ ਅਸ਼ਵਨੀ ਖੰਡੂਜਾ ਦੀ ਧੱਕੇਸ਼ਾਹੀ ਖਿਲਾਫ ਸਾਰੇ ਇਲਾਕੇ ਦੇ ਕਿਸਾਨ ਦੁਖੀ ਹਨ। ਇਸ ਖਿਲਾਫ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਕਾਰਨ ਅੱਕੇ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਅ੍ਰੰਮਿਤਸਰ (ਯੂਥ ਵਿੰਗ) ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੋਂਦਾ) ਦੇ ਸਹਿਯੋਗ ਨਾਲ ਬੈਂਕ ਮੂਹਰੇ ਧਰਨਾ ਦਿੱਤਾ।
ਬੈਂਕ ਮੈਨੇਜਰ ਤੋਂ ਪੀੜਤ ਕਿਸਾਨ ਸ਼ਵਿੰਦਰ ਸਿੰਘ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਹ ਪਿੰਡ ਤੇਈਪੁਰ ਦਾ ਰਹਿਣ ਵਾਲਾ ਸਧਾਰਨ ਕਿਸਾਨ ਹੈ। ਉਸ ਨੇ ਖੇਤੀਬਾੜੀ ਲਈ ਕਰਜ਼ਾ ਲੈਣ ਲਈ ਬੈਂਕ ਵਿੱਚ ਅਪਲਾਈ ਕੀਤਾ ਸੀ। ਕਰਜ਼ਾ ਦੇਣ ਦੀ ਥਾਂ ਬੈਂਕ ਮੈਨੇਜਰ ਵੱਲੋ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ ਗਿਆ।
ਬੈਂਕ ਮੈਨੇਜਰ ਨੇ ਜਬਰਦਸਤੀ ਉਸ ਉੱਤੇ ਬੈਂਕ ਲਾਕਰ ਲੈਣ ਦਾ ਦਬਾਅ ਪਾਇਆ ਤੇ ਜਦੋਂ ਉਨ੍ਹਾਂ ਦੱਸਿਆ ਕਿ ਲਾਕਰ ਦੀ ਜ਼ਰੂਰਤ ਹੀ ਨਹੀਂ ਤਾਂ ਮੈਨੇਜਰ ਨੇ ਭੱਦੀ ਸ਼ਬਦਾਵਲੀ ਵਰਤਦਿਆਂ ਫਾਈਲ ਵਗਾ ਕੇ ਸੁੱਟ ਦਿੱਤੀ। ਮਾਮਲਾ ਇੱਥੇ ਹੀ ਨਹੀਂ ਮੁੱਕਾ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਦੇ ਬਾਵਜੂਦ ਕਿਸਾਨ ਨੂੰ ਕਰਜ਼ਾ ਨਹੀਂ ਦਿੱਤਾ ਗਿਆ।
ਇਹ ਘਟਨਾ ਇਕੱਲੇ ਸ਼ਵਿੰਦਰ ਸਿੰਘ ਨਾਲ ਹੀ ਨਹੀਂ ਵਾਪਰੀ ਬਲਕਿ ਇਲਾਕੇ ਦੇ ਕਿੰਨੇ ਹੀ ਸ਼ਵਿੰਦਰ ਸਿੰਘ ਵਰਗੇ ਕਿਸਾਨਾਂ ਨਾਲ ਵਾਪਰ ਚੁੱਕੀ ਹੈ ਜਿਨ੍ਹਾਂ ਦੇ ਵੱਖੋ-ਵੱਖ ਬੈਂਕ ਨਾਲ ਸਬੰਧਤ ਕੰਮਾਂ ਲਈ ਬੈਂਕ ਮੈਨੇਜਰ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਵਾਰ-ਵਾਰ ਚੱਕਰ ਕਟਾਉਂਦਾ ਹੈ ਤੇ ਬ੍ਰਾਂਚ ਵਿੱਚ ਵੀ ਦੁਰਵਿਵਹਾਰ ਕਰਦਿਆਂ ਆਪਣੇ ਕੈਬਿਨ ਤੋਂ ਬਾਹਰ ਖੜ੍ਹੇ ਰਹਿਣ ਲਈ ਆਖ ਦਿੰਦਾ ਹੈ।
ਪੀੜਤਾਂ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਦੀ ਸੁਣਵਾਈ ਕਿਤੇ ਨਹੀਂ ਹੋਈ ਤੇ ਨਾਂ ਕੰਮ ਹੀ ਹੋਏ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਫਾਈਲਾਂ ਸੁੱਟਣਾ ਤੇ ਜਾਇਜ਼ ਕੰਮਾਂ ਤੋਂ ਵੀ ਇਨਕਾਰੀ ਹੋਣਾ, ਹੋ ਸਕਦਾ ਹੈ ਇਸ ਪਿੱਛੇ ਅਫਸਰਸ਼ਾਹੀ ਦੀ ਭ੍ਰਿਸ਼ਟਾਚਾਰੀ ਸੋਚ ਕੰਮ ਕਰ ਰਹੀ ਹੋਵੇ।
ਜ਼ਿਕਰਯੋਗ ਹੈ ਕਿ ਖਨੌਰੀ ਬ੍ਰਾਂਚ ਦੇ ਮੈਨੇਜਰ ਅਸ਼ਵਨੀ ਖੰਡੂਜਾ ਵੱਲੋਂ ਕੀਤੇ ਜਾਂਦੇ ਬੁਰੇ ਵਿਵਹਾਰ ਤੇ ਭੱਦੀ ਸ਼ਬਦਾਵਲੀ ਦੀ ਲਿਖਤੀ ਸ਼ਿਕਾਇਤ ਪਹਿਲਾਂ ਹੀ ਜ਼ੋਨਲ ਆਫਿਸ ਪਟਿਆਲਾ ਵਿੱਚ ਦਰਜ ਕਰਵਾਈ ਜਾ ਚੁੱਕੀ ਹੈ ਪਰ ਆਲਾ ਅਧਿਕਾਰੀਆਂ ਵੱਲੋਂ ਕੋਈ ਯੋਗ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਸ ਸਬੰਧੀ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਆਫਿਸ ਦੇ ਚੀਫ ਇੰਚਾਰਜ ਗੁਰਕ੍ਰਿਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖਨੌਰੀ ਬਰਾਂਚ ਦੇ ਮੈਨਜਰ ਖਿਲਾਫ ਸ਼ਿਕਾਇਤ ਮਿਲੀ ਹੈ। ਉਹ ਦੋਹਾਂ ਧਿਰਾਂ ਦਾ ਪੱਖ ਲੈ ਰਹੇ ਹਨ। ਜੇਕਰ ਬਰਾਂਚ ਮੈਨੇਜਰ ਦੋਸ਼ੀ ਹੋਇਆ ਤਾ ਉਸ ਖਿਲਾਫ ਜ਼ਰੂਰ ਕਾਰਵਾਈ ਹੋਵੇਗੀ।
ਕਿਸਾਨਾਂ ਤੇ ਪੀੜਤਾਂ ਵੱਲੋਂ ਪ੍ਰਸ਼ਾਸਨ ਤੋਂ ਫਿਰ ਮੰਗ ਕੀਤੀ ਗਈ ਹੈ ਕਿ ਖਨੌਰੀ ਬ੍ਰਾਂਚ ਦੇ ਮੈਨੇਜਰ ਅਸ਼ਵਨੀ ਖੰਡੂਜਾ ਉੱਤੇ ਸਖਤ ਨੋਟਿਸ ਲੈਂਦਿਆਂ ਖਨੌਰੀ ਬ੍ਰਾਂਚ ਚੋਂ ਹਟਾਇਆ ਜਾਵੇ ਤੇ ਕਿਸੇ ਯੋਗ ਤੇ ਸੂਝਵਾਨ ਵਿਅਕਤੀ ਨੂੰ ਮੈਨੇਜਰ ਲਾਇਆ ਜਾਵੇ।