ਗਗਨ ਸ਼ਰਮਾ ਦੀ ਰਿਪੋਰਟ
ਅੰਮ੍ਰਿਤਸਰ: ਮਾਝੇ ਦੀਆਂ ਮੰਡੀਆਂ 'ਚ ਕਣਕ ਦੀ ਆਮਦ ਨੇ ਜ਼ੋਰ ਫੜ ਲਿਆ ਹੈ। ਜਿਵੇਂ-ਜਿਵੇਂ ਕਣਕ ਦੀ ਵਾਢੀ ਚੱਲ ਰਹੀ ਹੈ, ਉਸੇ ਤਰ੍ਹਾਂ ਮੰਡੀਆਂ ਵੱਲ ਕਿਸਾਨ ਵਹੀਰਾਂ ਘੱਤ ਕੇ ਪਹੁੰਚ ਰਹੇ ਹਨ। ਇਸ ਵਾਰ ਕਿਸਾਨਾਂ ਦੇ ਚਿਹਰਿਆਂ 'ਤੇ ਮਾਯੂਸੀ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਵੱਡਾ ਕਾਰਨ ਇਸ ਵਾਰ ਕਣਕ ਦੀ ਫਸਲ ਦਾ ਝਾੜ ਘੱਟ ਨਿਕਲਣਾ ਦੱਸਿਆ ਜਾ ਰਿਹਾ ਹੈ।
ਅੰਮ੍ਰਿਤਸਰ ਦੀ ਸਭ ਤੋਂ ਵੱਡੀ ਭਗਤਾਂਵਾਲਾ ਦਾਣਾ ਮੰਡੀ 'ਚ ਕਿਸਾਨ ਕਣਕ ਲੈ ਕੇ ਪੁੱਜੇ ਕਿਸਾਨਾਂ ਨੇ ਆਪਣਾ ਦੁੱਖੜਾ ਦੱਸਦਿਆਂ ਕਿਹਾ ਕਿ ਇਸ ਵਾਰ ਮਾਰਚ ਮਹੀਨੇ 'ਚ ਗਰਮੀ ਬੇਹੱਦ ਜਿਆਦਾ ਪੈਣ ਕਰਕੇ ਕਣਕ ਦਾ ਦਾਣਾ ਛੋਟੇ ਸਾਈਜ 'ਚ ਹੀ ਪੱਕ ਗਿਆ ਸੀ। ਇਸ ਕਰਕੇ ਕਣਕ ਦਾ ਝਾੜ ਪੰਜ ਤੋਂ ਛੇ ਕੁਇੰਟਲ ਪ੍ਰਤੀ ਏਕੜ ਘੱਟ ਗਿਆ।
ਭਗਤਾਂਵਾਲਾ ਮੰਡੀ 'ਚ ਵੱਖ ਵੱਖ ਪਿੰਡਾਂ 'ਚੋਂ ਆਏ ਕਿਸਾਨਾਂ ਨੇ ਕਿਹਾ ਝਾੜ ਘਟਣ ਨਾਲ 10 ਹਜਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਝੱਲਣਾ ਪਿਆ ਹਨ ਜਦਕਿ ਡੀਜਲ, ਖਾਦ, ਬੀਜਾਂ ਦੇ ਰੇਟ ਵਧਣ ਕਰਕੇ ਕਿਸਾਨ ਤਾਂ ਪਹਿਲਾਂ ਹੀ ਵਿੱਤੀ ਸੰਕਟ 'ਚ ਉਲਝਿਆ ਪਿਆ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਝਾੜ ਘਟਣ 'ਤੇ ਮੁਆਵਜੇ ਦੀ ਮੰਗ ਕੀਤੀ।
ਦੂਜੇ ਪਾਸੇ ਆੜ੍ਹਤੀਆਂ ਨੇ ਸਰਕਾਰ ਤੇ ਆੜ੍ਹਤੀਆਂ ਨੂੰ ਖੱਜਲ ਕਰਨ ਦੇ ਦੋਸ਼ ਲਾਏ ਤੇ ਕਿਹਾ ਪ੍ਰਾਈਵੇਟ ਖਰੀਦ ਦੇ ਮਾਮਲੇ 'ਚ ਸਰਕਾਰ ਨੇ ਆੜ੍ਹਤੀਆਂ ਮੈਪਿੰਗ ਕਰਨ ਦੀ ਕੰਡੀਸ਼ਨ ਲਗਾ ਕੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕੀਤਾ ਹੈ ਜਦਕਿ ਕੰਮ ਇਹ ਮਾਰਕੀਟ ਕਮੇਟੀ ਦਾ ਹੈ ਆੜ੍ਹਤੀਆਂ ਨੇ ਸਰਕਾਰ ਤੋਂ ਇਸ ਮਸਲੇ ਦੇ ਹੱਲ ਦੀ ਮੰਗ ਕੀਤੀ ਤੇ ਸਰਕਾਰ ਕੋਲੋਂ ਕਿਸਾਨਾਂ ਨੂੰ ਮੁਆਵਜੇ ਦੀ ਮੰਗ ਦਾ ਸਮਰਥਨ ਵੀ ਕੀਤਾ।