ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਝੋਨੇ  ਦੇ ਸੀਜ਼ਨ ਤੋਂ ਪਹਿਲਾਂ ਹੀ ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਹੋਣ ਦੀ ਸੰਭਾਵਨਾ ਬਣ ਗਈ ਹੈ। ਇਸ ਦਾ ਕਾਰਨ ਥਰਮਲ ਪਲਾਂਟਾਂ ਕੋਲ ਕੋਲੇ ਦਾ ਸੰਕਟ ਹੈ। ਇਸ ਕਰਕੇ ਲੰਬੇ-ਲੰਬੇ ਕੱਟ ਲੱਗ ਰਹੇ ਹਨ। ਉਂਝ ਪੂਰੇ ਭਾਰਤ ਅੰਦਰ ਹੀ ਕੋਲੇ ਦੀ ਸਪਲਾਈ ਪ੍ਰਭਵਿਤ ਹੋਈ ਹੈ ਜਿਸ ਕਰਕੇ ਕਈ ਸੂਬਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵਿੱਚ ਕੋਲਾ ਖਤਮ ਹੋ ਗਿਆ ਹੈ। ਉੱਥੇ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਵੀ ਸਿਰਫ਼ 4 ਦਿਨ ਦਾ ਕੋਲਾ ਬਚਿਆ ਹੈ। ਦੂਜੇ ਪਾਸੇ ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ 7 ਦਿਨ, ਰੋਪੜ ਥਰਮਲ ਪਲਾਂਟ ਵਿੱਚ 11 ਦਿਨ ਤੇ ਰਾਜਪੁਰਾ ਵਿੱਚ 21 ਦਿਨ ਦਾ ਕੋਲਾ ਬਚਿਆ ਹੈ।

ਬਿਜਲੀ ਮਹਿਕਮੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਕੋਲੇ ਦਾ ਸੰਕਟ ਜਲਦੀ ਹੱਲ ਨਾ ਹੋਇਆ ਤਾਂ ਪੰਜਾਬ ਨੂੰ ਘੰਟਿਆਂਬੱਧੀ ਬਿਜਲੀ ਕੱਟ ਨਾਲ ਬਲੈਕਆਊਟ ਸਮੱਸਿਆ ਆ ਸਕਦੀ ਹੈ। ਉਧਰ, ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦਾਅਵਾ ਕੀਤਾ ਕਿ ਕੋਲੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਦੱਸ ਦਈਏ ਿ ਬੰਦ ਪਏ ਗੋਇੰਦਵਾਲ ਥਰਮਲ ਪਲਾਂਟ ਤੋਂ 540 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ। ਦੂਜੇ ਪਾਸੇ ਰਾਜਪੁਰਾ ਥਰਮਲ ਪਲਾਂਟ ਦੀ 1400 ਮੈਗਾਵਾਟ ਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੀ 1980 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਹੈ। ਇਹ ਤਿੰਨੇ ਪ੍ਰਾਈਵੇਟ ਥਰਮਲ ਪਲਾਂਟ ਹਨ। ਇਸ ਦੇ ਨਾਲ ਹੀ ਸਰਕਾਰੀ ਰੋਪੜ ਥਰਮਲ ਪਲਾਂਟ ਦੀ ਸਮਰੱਥਾ 840 ਮੈਗਾਵਾਟ ਤੇ ਲਹਿਰਾ ਮੁਹੱਬਤ ਦੀ 1925 ਮੈਗਾਵਾਟ ਬਿਜਲੀ ਉਤਪਾਦਨ ਸਮਰੱਥਾ ਹੈ।

ਬਿਜਲੀ ਮਹਿਕਮੇ ਦੀ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਬਿਜਲੀ ਸੰਕਟ ਵੱਧ ਸਕਦਾ ਹੈ। ਗਰਮੀਆਂ ਦੀ ਸ਼ੁਰੂਆਤ ਵਿੱਚ ਹੀ ਥਰਮਲ ਪਲਾਂਟ ਬੰਦ ਹੋਣੇ ਸ਼ੁਰੂ ਹੋ ਗਏ ਹਨ। ਅਜਿਹੇ 'ਚ ਲੋਕਾਂ ਨੂੰ ਗਰਮੀ ਝੱਲਣੀ ਪੈ ਸਕਦੀ ਹੈ। ਝੋਨੇ ਦਾ ਸੀਜ਼ਨ ਵੀ ਜੂਨ ਮਹੀਨੇ ਤੋਂ ਸ਼ੁਰੂ ਹੋਣਾ ਹੈ। ਉਸ ਸਮੇਂ ਕਿਸਾਨਾਂ ਨੂੰ ਝੋਨਾ ਬੀਜਣ ਲਈ ਬਿਜਲੀ ਦੀ ਲੋੜ ਪਵੇਗੀ। ਜੇਕਰ ਸਰਕਾਰ ਨੇ ਹੁਣੇ ਕੋਈ ਪ੍ਰਬੰਧ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸਮੱਸਿਆ ਹੋਰ ਵੀ ਗਹਿਰੀ ਹੋ ਸਕਦੀ ਹੈ।

ਦੱਸ ਦੇਈਏ ਕਿ ਪੰਜਾਬ ਵਿੱਚ ਪਿਛਲੇ ਸਾਲ ਅਕਤੂਬਰ ਵਿੱਚ ਪੰਜਾਬੀਆਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਕੋਲੇ ਦੀ ਘਾਟ ਕਾਰਨ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਠੱਪ ਹੋ ਗਿਆ ਸੀ। ਕੜਾਕੇ ਦੀ ਗਰਮੀ ਵਿੱਚ ਲੋਕਾਂ ਨੂੰ 24 ਘੰਟਿਆਂ ਵਿੱਚ 8 ਤੋਂ 12 ਘੰਟੇ ਦੇ ਕੱਟਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੂੰ ਬਿਜਲੀ ਵੀ ਨਹੀਂ ਮਿਲੀ। ਉਸ ਸਮੇਂ ਕਾਂਗਰਸ ਦੇ CM ਰਹੇ ਚਰਨਜੀਤ ਚੰਨੀ ਵੀ ਸਥਿਤੀ ਨੂੰ ਸੰਭਾਲ ਨਹੀਂ ਸਕੇ। ਹੁਣ ਨਵੇਂ ਸੀਐਮ ਭਗਵੰਤ ਮਾਨ ਲਈ ਇਹ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ।