ਚੰਡੀਗੜ੍ਹ : ਪੰਜਾਬ ਸਰਕਾਰ ਨੇ ਥਾਈ ਮੰਗੂਰ ਮੱਛੀ ਦੇ ਪਾਲਣ ਅਤੇ ਵਿਕਰੀ 'ਤੇ ਮੁਕੰਮਲ ਰੋਕ ਲਾ ਦਿਤੀ ਹੈ। ਇਹ ਮੱਛੀ ਪਾਲੀਆਂ ਜਾਂਦੀਆਂ ਰਵਾਇਤੀ ਮੱਛੀਆਂ ਖਾ ਜਾਂਦੀ ਤੇ ਤੇ ਉਨ੍ਹਾਂ ਦੀ ਫ਼ੀਡ ਨੂੰ ਵੀ ਖਾ ਜਾਂਦੀ ਹੈ। ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਦਸਿਆ ਕਿ ਇਹ ਮੱਛੀ ਮਾਸਾਹਾਰੀ ਹੋਣ ਕਰ ਕੇ ਤਲਾਬ ਦੇ ਵਾਤਾਵਰਣ ਵਿਚ ਹਾਨੀਕਾਰਕ ਬਦਲਾਅ ਪੈਦਾ ਕਰਦੀ ਹੈ, ਇਸ ਨਾਲ ਭਾਰਤੀ ਮੂਲ ਦੀਆਂ ਮੱਛੀਆਂ ਦੀਆਂ ਨਸਲਾਂ ਖ਼ਤਮ ਹੋ ਸਕਦੀਆਂ ਹਨ। ਉਨ੍ਹਾਂ ਦਸਿਆ ਕਿ ਮੰਗੂਰ ਮੱਛੀ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ। ਇਹ ਮੱਛੀ ਪਾਲਣ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ।


ਮੰਤਰੀ ਨੇ ਦੱਸਿਆ ਕਿ ਛਾਪੇਮਾਰੀ ਲਈ ਗਠਨ ਕੀਤੀ ਗਈ ਕਮੇਟੀ ਦੇ ਦਿਸ਼ਾ-ਨਿਰਦੇਸ਼ਾ 'ਤੇ 23 ਅਗਸਤ,2016 ਨੂੰ ਮੱਛੀ ਮੰਡੀ ਫਗਵਾੜਾ ਵਿਖੇ 12 ਕਿਲੋ ਮੁੰਗਰ ਫੜੀ ਗਈ ਅਤੇ ਮੋਕੇ 'ਤੇ ਨਸ਼ਟ ਕੀਤੀ ਗਈ ਅਤੇ 25 ਅਗਸਤ,2016 ਨੂੰ ਗਰਾਮ ਪੰਚਾਇਤ ਰੋਗਲਾ, ਜਿਲ੍ਹਾ ਸੰਗਰੁਰ ਤੋਂ ਸ਼ਿਕਾਇਤ ਪ੍ਰਾਪਤ ਹੋਈ ਕਿ ਉਨਾਂ ਦੇ ਪਿੰਡ ਦੇ ਪੰਚਾਇਤੀ ਟੋਬੇ ਵਿੱਚ ਮੰਗੂਰ ਮੱਛੀ ਪਾਲੀ ਜਾ ਰਹੀ ਹੈ। ਇਸ 'ਤੇ ਤੁਰੁੰਤ ਕਾਰਵਾਈ ਕਰਦੇ ਹੋਏ ਸਹਾਇਕ ਡਾਇਰੈਕਟਰ ਮੱਛੀ ਪਾਲਣ, ਸੰਗਰੂਰ ਵਲੋਂ ਸਮੇਤ ਸਟਾਫ ਮੋਕੇ ਤੇ ਜਾ ਕੇ ਮੰਗੂਰ ਮੱਛੀ ਨਸ਼ਟ ਕੀਤੀ ਅਤੇ ਦੋਸ਼ੀ ਫਾਰਮਰ ਤੇ ਜੁਰਮਾਨਾ ਵੀ ਕੀਤਾ ਗਿਆ।

ਅਗਾਂਹਵਧੂ ਕਿਸਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੁਕਤਸਰ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਹ ਮੱਛੀ ਖਾਣ ਨਾਲ ਜਿੱਥੇ ਇਸ ਦੇ ਸਰੀਰ ‘ਤੇ ਬੁਰੇ ਪ੍ਰਭਾਵ ਪੈਂਦੇ ਹਨ ਉਥੇ ਇਹ ਮੱਛੀ ਦੂਸਰੀਆਂ ਮੱਛੀਆਂ ਨੂੰ ਵੀ ਖਾ ਜਾਂਦੀ ਹੈ ਅਤੇ ਜਿਸ ਛੱਪੜ ਵਿਚ ਇਹ ਮੱਛੀ ਪੈਦਾ ਹੋ ਜਾਵੇ ਉਸ ਛੱਪੜ ਵਿਚ ਦੂਸਰੀ ਮੱਛੀ ਪੈਦਾ ਹੀ ਨਹੀਂ ਹੋ ਸਕਦੀ। ਜਿਸ ਕਾਰਨ ਮੱਛੀ ਪਾਲਕਾਂ ਨੂੰ ਵੱਡੇ ਪੱਧਰ ‘ਤੇ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਮੱਛੀ ਗੰਦੇ ਛੱਪੜਾਂ ਵਿਚ ਹੀ ਨਹੀਂ ਸਗੋਂ ਇਹ ਮੱਛੀ ਤਾਂ ਸੀਵਰੇਜ਼ ਦੇ ਗੰਦੇ ਪਾਣੀ ਵਿਚ ਵੀ ਪਲ ਜਾਂਦੀ ਹੈ।

ਅਗਾਂਹਵਧੂ ਕਿਸਾਨ ਦਾ ਕਹਿਣਾ ਹੈ  ਕਿ ਇਸ ਮੱਛੀ ਦਾ ਪੂੰਗ ਪ੍ਰਵਾਸੀ ਮਜ਼ਦੂਰ ਬੰਗਾਲ ਵਗੈਰਾ ਤੋਂ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੁਲਿਤ ਕਰਨਾ ਹੈ ਤਾਂ ਇਸ ਮੱਛੀ ‘ਤੇ ਸਖ਼ਤੀ ਨਾਲ ਪਾਬੰਦੀ ਲਾਉਣੀ ਹੋਵੇਗੀ। ਕਾਗਜ਼ੀ ਕਾਰਵਾਈ ਨਾਲ ਕੁਝ ਨਹੀਂ ਬਣਨਾ।