ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਝੀਂਗਾ ਮੱਛੀ ਦੀ ਪੈਦਾਵਾਰ ਨੂੰ ਹੁਲਾਰਾ ਦੇਣ ਲਈ ਮਲੋਟ ਨੇੜੇ ਖੋਜ ਤੇ ਵਿਕਾਸ ਕੇਂਦਰ ਸਥਾਪਤ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਅਗਾਂਹਵਧੂ ਮੱਛੀ ਪਾਲਕਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨੀਲੀ ਕ੍ਰਾਂਤੀ ਕਿਸਾਨਾਂ ਦੀ ਤਕਦੀਰ ਬਦਲ ਸਕਦੀ ਹੈ।


ਉਨ੍ਹਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਤੇ ਫ਼ਾਜ਼ਿਲਕਾ ਜ਼ਿਲ੍ਹਿਆਂ ਵਿੱਚ ਖਾਰੇ ਪਾਣੀ ਵਿੱਚ ਝੀਂਗਾ ਮੱਛੀ ਦੀਆਂ ਕਿਸਮਾਂ ਦੀ ਅਣਕਿਆਸੀ ਸਫ਼ਲਤਾ ਨੇ ਸਿੱਧ ਕਰ ਦਿੱਤਾ ਹੈ ਕਿ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਝੀਂਗਾ ਦੇ ਉਤਪਾਦਨ ਦੀ ਵੱਡੀ ਸਮਰੱਥਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਝੀਂਗਾ ਮੱਛੀ ਦੀ ਪੈਦਾਵਾਰ ਹੀ ਕਿਸਾਨਾਂ ਲਈ ਨਵੀਂ ਉਮੀਦ ਹੈ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰ ਸਕਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਖੋਜ ਤੇ ਵਿਕਾਸ ਕੇਂਦਰ ਨੂੰ ਚਲਾਉਣ ਲਈ ਸਮਰਪਿਤ ਫੰਡ ਸਥਾਪਤ ਕਰੇਗੀ।