ਚੰਡੀਗੜ੍ਹ: ਮਾਨਸਾ ਜ਼ਿਲ੍ਹੇ ਦੀ ਪਿੰਡ ਨੰਗਲ ਕਲਾਂ ਵਿੱਚ ਪਿਛਲੇ 25 ਦਿਨਾਂ ਤੋਂ ਝੋਨੇ ਦੀ ਖ਼ਰੀਦ ਨਹੀਂ ਹੋਈ। ਅੱਕੇ ਕਿਸਾਨਾਂ ਨੇ ਮੰਡੀ ਵਿੱਚ ਝੋਨੇ ਨੂੰ ਅੱਗ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇੰਨਾ ਹੀ ਨਹੀਂ ਝੋਨੇ ਦੀ ਵਿਕਰੀ ਨਾ ਹੋਣ ਕਾਰਨ ਕਿਸਾਨ ਕਣਕ ਦੀ ਬਿਜਾਈ ਲਈ ਲੇਟ ਹੋ ਰਹੇ ਹਨ।
ਕਿਸਾਨ ਲਾਭ ਸਿੰਘ ਤੇ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 25 ਦਿਨਾਂ ਵਿੱਚ ਮੰਡੀ ਵਿੱਚ ਝੋਨਾ ਲੈ ਕੇ ਬੈਠੇ ਹਨ ਪਰ ਕੋਈ ਵੀ ਸਰਕਾਰੀ ਅਧਿਕਾਰੀ ਉਨ੍ਹਾਂ ਦੇ ਝੋਨੇ ਦੀ ਬੋਲੀ ਨਹੀਂ ਲਾ ਰਿਹਾ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੀ ਅਕਾਲੀ ਸਰਕਾਰ ਦਾ ਨੁਮਾਇੰਦਾ ਵੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਇਸ ਕਾਰਨ ਦੁਖੀ ਹੋ ਕੇ ਉਨ੍ਹਾਂ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਦਾ ਕੁਝ ਹਿੱਸਾ ਸੰਕੇਤ ਵਜੋਂ ਅੱਗ ਲਾ ਕੇ ਰੋਸ ਜ਼ਾਹਿਰ ਕੀਤਾ ਹੈ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰੈੱਸ ਸਕੱਤਰ ਗੋਰਾ ਸਿੰਘ ਭੈਣੀ ਬਾਘਾ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਖ਼ਰੀਦਣ ਵਿੱਚ ਖ਼ੱਜਲ-ਖ਼ੁਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਨੇ ਕਿਹਾ ਕਿ ਝੋਨਾ ਦੀ ਖ਼ਰੀਦ ਸਬੰਧੀ ਸਮੱਸਿਆ ਆਉਣ ਕਿਸਾਨ ਹਰਿਆਣਾ ਦੀ ਮੰਡੀਆਂ ਵਿੱਚ ਵੇਚਣ ਲਈ ਮਜਬੂਰ ਹਨ ਜਾਂ ਘੱਟ ਰੇਤ ਉੱਤੇ ਵਪਾਰੀਆਂ ਨੂੰ ਵੇਚ ਰਹੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਮੰਡੀਆਂ ਦੇ ਕਿਸਾਨਾਂ ਦੀ ਸਾਰ ਨਾ ਲਈ ਗਈ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰੀ ਹੋਵੇਗੀ।