ਚੰਡੀਗੜ੍ਹ: ਸਰਕਾਰ ਦੇ 500 ਤੇ 1000 ਦੇ ਨੋਟ ਬੰਦ ਕਰਨ ਦੇ ਫ਼ੈਸਲੇ ਨਾਲ ਕਿਸਾਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ। ਮੁਹਾਲੀ ਦੇ ਕਿਸਾਨ ਬਲਦੇਵ ਸਿੰਘ ਮੁਤਾਬਕ ਸਰਕਾਰ ਨੇ 500 ਤੇ 1000 ਦੇ ਨੋਟ ਬੰਦ ਕਰਨ ਦਾ ਫ਼ੈਸਲਾ ਗ਼ਲਤ ਸਮੇਂ ਲਿਆ ਹੈ। ਹਾੜੀ ਦੀ ਫ਼ਸਲਾਂ ਦੀ ਬਿਜਾਈ ਦਾ ਸਮਾਂ ਹੈ। ਕਿਸਾਨਾਂ ਨੂੰ ਖਾਦ ਬੀਜ ਤੇ ਕੀਟਨਾਸ਼ਕ ਖ਼ਰੀਦਣ ਵਿੱਚ ਬਹੁਤ ਦਿੱਕਤ ਆ ਰਹੀ ਹੈ। ਝੋਨੇ ਦੀ ਫ਼ਸਲ ਵੇਚ ਕੇ ਉਨ੍ਹਾਂ ਕੋਲ ਪੰਜ 500 ਜਾਂ 1000 ਰੁਪਏ ਦੇ ਨੋਟ ਹੀ ਹਨ। ਕਣਕ ਦੀ ਬਿਜਾਈ ਦੀ ਦੇਰੀ ਨਾਲ ਜਿੱਥੇ ਫ਼ਸਲਾਂ ਦਾ ਝਾੜ ਘਟੇਗਾ, ਉੱਥੇ ਫ਼ਸਲਾਂ ਨੂੰ ਨੁਕਸਾਨ ਵੀ ਹੋਵੇਗਾ।

ਉਧਰ ਆੜ੍ਹਤੀਆ ਵਰਗ ਨੂੰ ਵੀ ਸਰਕਾਰ ਦੇ ਫ਼ੈਸਲੇ ਨਾਲ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਰੜ ਦੇ ਆੜ੍ਹਤੀ ਵਿਜੈਇੰਦਰ ਕੁਮਾਰ ਨੇ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਫ਼ਸਲ ਦੇ 500 ਤੇ 1000 ਰੁਪਏ ਦੇ ਨੋਟ ਵਾਪਸ ਕਰਨ ਆ ਰਹੇ ਹਨ ਪਰ ਉਨ੍ਹਾਂ ਕੋਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ। ਆੜ੍ਹਤੀ ਚੰਦਰ ਸ਼ੇਖਰ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਨਹੀਂ ਹੋਈ ਸੀ, ਉਹ ਕਿਸਾਨ ਉਨ੍ਹਾਂ ਤੋਂ ਸੋ-ਸੋ ਦੇ ਨੋਟ ਦੀ ਮੰਗ ਕਰ ਰਹੇ ਹਨ।

ਆੜ੍ਹਤੀਏ ਵਰਗ ਨੂੰ ਇਹ ਵੀ ਚਿੰਤਾ ਹੈ ਕਿ ਬੈਂਕਾਂ ਦੀ ਸ਼ੁਰੂਆਤੀ ਸਮੇਂ ਘੱਟ ਪੈਸੇ ਨਿਕਲਣ 'ਤੇ ਖੱਜਲ ਖ਼ੁਆਰੀ ਨਾਲ ਉਨ੍ਹਾਂ ਨੂੰ ਦਿੱਕਤ ਆਵੇਗੀ ਕਿਉਂਕਿ ਲੈਣ ਦੇਣ ਵਿੱਚ ਰੁਕਾਵਟ ਆਉਣ ਨਾਲ ਹਾੜੀ ਦਾ ਸੀਜ਼ਨ ਵਿੱਚ ਨੁਕਸਾਨ ਹੋਣ ਦਾ ਡਰ ਹੈ। ਇੰਨਾ ਹੀ ਨਹੀਂ ਸਰਕਾਰ ਦੇ ਫ਼ੈਸਲੇ ਨਾਲ ਮਜ਼ਦੂਰਾਂ ਨੂੰ ਵੀ ਦਿੱਕਤ ਆ ਰਹੀ ਹੈ। ਪਰਵਾਸੀ ਪ੍ਰਕਾਸ਼ ਦਾ ਕਹਿਣਾ ਹੈ ਕਿ ਸੀਜ਼ਨ ਖ਼ਤਮ ਹੋ ਗਿਆ ਹੈ। ਉਹ ਘਰ ਵਾਪਸ ਨਹੀਂ ਜਾ ਸਕਦੇ ਕਿਉਂਕਿ ਉਨ੍ਹਾਂ ਕੋਲ ਪੂਰੇ ਸੀਜ਼ਨ ਦੇ ਇਕੱਠੇ 500 ਜਾਂ 1000 ਦੇ ਨੋਟ ਹਨ। ਜਿਹੜੇ ਕਿਸਾਨਾਂ ਨੇ ਜਾਂ ਵਪਾਰੀਆਂ ਨੇ ਦਿੱਤੇ ਹਨ ਤੇ ਉਹ ਵਾਪਸ ਨਹੀਂ ਲੈ ਰਹੇ।

ਖਰੜ ਦੇ ਦਿਹਾੜੀਦਾਰ ਦੀਪਕ ਨੇ ਕਿਹਾ ਕਿ  ਮਜ਼ਦੂਰਾਂ ਨੂੰ ਦਿੱਕਤ ਆ ਰਹੀ ਹੈ। ਉਨ੍ਹਾਂ ਨੂੰ ਤਿੰਨ ਦਿਨ ਦੀ ਇਕੱਠੀ ਅਦਾਇਗੀ ਹੋਈ ਹੈ। ਉਨ੍ਹਾਂ ਨੇ ਜਿੰਨਾ ਕਮਾਉਣ ਓਨਾ ਹੀ ਖ਼ਰਚ ਕਰਨਾ ਹੁੰਦਾ ਹੈ ਪਰ ਵੱਡੇ ਨੋਟ ਹੋਣ ਕਾਰਨ ਉਹ ਘਰ ਦਾ ਸੌਦਾ ਲੈਣ ਲਈ ਖੜ੍ਹੇ ਹਨ। ਇੰਨਾ ਹੀ ਨਹੀਂ ਇਹ ਸੀਜ਼ਨ ਵਿਆਹ ਸ਼ਾਦੀਆਂ ਦਾ ਹੁੰਦਾ ਹੈ।  ਨਰੇਸ਼ ਕੁਮਾਰ ਜਿਸ ਦੇ ਲੜਕੇ ਦੀ 4 ਦਸੰਬਰ ਨੂੰ ਵਿਆਹ ਹੈ। ਵਿਆਹ ਦੀ ਖ਼ਰੀਦੋ ਫ਼ਰੋਖ਼ਤ ਲਈ ਆਪਣੀ ਜੇਬ ਵਿੱਚ ਹਜ਼ਾਰਾਂ ਰੁਪਏ ਲੈ ਕੇ ਘੁੰਮ ਰਿਹਾ ਹੈ ਪਰ ਇੰਨਾ ਨੋਟਾਂ ਦਾ ਕੋਈ ਫ਼ਾਇਦਾ ਨਹੀਂ ਹੈ। ਹੁਣ ਉਸ ਨੂੰ ਫ਼ਿਕਰ ਹੈ ਸਮਾਂ ਥੋੜ੍ਹਾ ਹੈ ਤੇ ਉਹ ਕਿੰਝ ਸਾਰਾ ਬੰਦੋਬਸਤ ਕਰੇਗਾ।