ਨਵੀਂ ਦਿੱਲੀ: ਸਰਕਾਰ ਵੱਲੋਂ ਕਣਕ ਦੀ ਦਰਾਮਦ ਉਤੇ ਕਰ 10 ਫ਼ੀਸਦ ਤੋਂ ਵਧਾ ਕੇ 20-25 ਫ਼ੀਸਦ ਕੀਤਾ ਜਾ ਸਕਦਾ ਹੈ। ਇਹ ਕਿਸਾਨਾਂ ਲਈ ਚੰਗੇ ਭਾਅ ਦਾ ਹਾਂ-ਪੱਖੀ ਸੰਕੇਤ ਹੈ। ਮੌਜੂਦਾ ਸਮੇਂ ਕੌਮਾਂਤਰੀ ਪੱਧਰ ਉਤੇ ਭਾਅ ਘੱਟ ਹੈ ਅਤੇ ਤਵਾਜ਼ਨ ਬਰਕਰਾਰ ਰੱਖਣ ਲਈ ਕਣਕ ’ਤੇ ਦਰਾਮਦ ਕਰ ਵਧਾਇਆ ਜਾਵੇਗਾ। ਇਸ ਬਾਰੇ ਅੰਤਿਮ ਫ਼ੈਸਲਾ ਜਲਦੀ ਲਿਆ ਜਾਵੇਗਾ।


’ 2016-17 ਫ਼ਸਲ ਵਰ੍ਹੇ (ਜੁਲਾਈ-ਜੂਨ) ਵਿੱਚ ਕਣਕ ਦੀ ਹੋਈ ਬੰਪਰ ਪੈਦਾਵਾਰ (9.83 ਕਰੋੜ ਟਨ) ਦੇ ਮੱਦੇਨਜ਼ਰ ਸਥਾਨਕ ਭਾਅ ਨੂੰ ਡਿੱਗਣ ਤੋਂ ਬਚਾਉਣ ਲਈ ਸਰਕਾਰ ਨੇ ਮਾਰਚ ਵਿੱਚ ਕਣਕ ਦੀ ਦਰਾਮਦ ਉਤੇ 10 ਫ਼ੀਸਦ ਕਰ ਲਗਾ ਦਿੱਤਾ ਸੀ। ਇਸ ਕਦਮ ਰਾਹੀਂ ਸਰਕਾਰ ਕਣਕ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਭਾਅ ਬਾਰੇ ਸਾਕਾਰਾਤਮਕ ਸੰਕੇਤ ਦੇਣਾ ਚਾਹੁੰਦੀ ਹੈ।

ਜਾਣਕਾਰੀ ਮੁਤਾਬਕ ਅਪਰੈਲ ਬਾਅਦ 10 ਫ਼ੀਸਦ ਕਰ ’ਤੇ ਪ੍ਰਾਈਵੇਟ ਕਾਰੋਬਾਰੀਆਂ ਵੱਲੋਂ 8.5 ਲੱਖ ਟਨ ਕਣਕ ਦਰਾਮਦ ਕੀਤੀ ਗਈ ਹੈ। 1.5 ਲੱਖ ਟਨ ਕਣਕ ਦੇ ਹੋਰ ਆਉਣ ਦੀ ਸੰਭਾਵਨਾ ਹੈ। ਪਿਛਲੇ ਕੁੱਝ ਮਹੀਨਿਆਂ ਤੋਂ ਆਲਮੀ ਪੱਧਰ ’ਤੇ ਕਣਕ ਦੇ ਭਾਅ ਵਿੱਚ ਗਿਰਾਵਟ ਆਈ ਹੈ ਪਰ ਆਸਟਰੇਲੀਆ ਵਿੱਚ ਝਾੜ ਘਟਣ ਦੇ ਅਨੁਮਾਨਾਂ ਕਾਰਨ ਕਣਕ ਦੀ ਕੀਮਤ ਵਿੱਚ ਤੇਜ਼ੀ ਆਈ ਹੈ।
-