ਚੰਡੀਗੜ੍ਹ: ਪੰਜਾਬ ਦੇ ਵਾਤਾਵਰਣ ਤੇ ਖੇਤੀ ਨੂੰ ਬਚਾਉਣ ਲਈ ਵਾਤਾਵਰਨ ਅਤੇ ਸਮਾਜ ਬਚਾਓ ਮੋਰਚਾ ਵੱਲੋਂ ‘ਗਰੀਨ ਮੈਨੀਫੈਸਟੋ’ਜਾਰੀ ਕੀਤਾ ਗਿਆ ਹੈ। ਮੋਰਚੇ ਦੇ ਮੈਂਬਰਾਂ ਨੇ ਚੰਡੀਗੜ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਸਿਹਤ, ਵਾਤਾਵਰਣ ਤੇ ਖੇਤੀ ਨਾਲ ਜੁੜੇ ਮੱਦਿਆਂ ਪ੍ਰਤੀ ਸਿਆਸੀ ਪਾਰਟੀਆਂ ਦੀ ਜਵਾਬਦੇਹੀ ਬਣਾਉਣ ਲਈ ਇੱਕ ਨਿਵੇਕਲੀ ਪਹਿਲਕਦਮੀ ਕੀਤੀ ਹੈ।

ਮੋਰਚੇ ਦੇ ਮੈਂਬਰ ਦਵਿੰਦਰ ਸ਼ਰਮਾ ਨੇ ਕਿਹਾ ਕਿ ਹਰੇ ਪੰਜਾਬ ਲਈ ਸੰਵਿਧਾਨਕ ਪਬਲਿਕ ਕਮਿਸ਼ਨ ਬਣਾਉਣ ਦੀ ਲੋੜ ਹੈ, ਜੋ ਇਹ ਨਿਗਰਾਨੀ ਰੱਖੇ ਕਿ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਹੀਂ ਨਿਭਾ ਰਹੇ, ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਇਆ ਜਾਵੇ। ਇਹ ਕਮਿਸ਼ਨ ਹਰ ਨਿਵੇਸ਼ ਅਤੇ ਯੋਜਨਾ ਦਾ ਮੁਲਾਂਕਣ ਇਹ ਗੱਲ ਯਕੀਨੀ ਬਣਾਉਣ ਲਈ ਕਰੇ ਕਿ ਇਸ ਨਾਲ ਹਰਾ ਪੰਜਾਬ ਬਣਾਉਣ ਦਾ ਮਕਸਦ ਪੂਰਾ ਹੁੰਦਾ ਹੈ ਜਾਂ ਨਹੀਂ। ਇਹ ਕਮਿਸ਼ਨ ਚੋਣ ਮਨੋਰਥ ਪੱਤਰਾਂ ਵਿੱਚ ਕੀਤੇ ਵਾਅਦਿਆਂ ਅਤੇ ਉਨ੍ਹਾਂ ਦੇ ਪੂਰੇ ਹੋਣ ਦੀ ਪੂਰੀ ਨਿਗਰਾਨੀ ਕਰੇ।

ਮੋਰਚੇ ਦੇ ਆਗੂਆਂ ਉਮੇਂਦਰ ਦੱਤ, ਗੋਬਿੰਦ ਠੁਕਰਾਲ, ਡਾ. ਆਰ.ਐਸ. ਘੁੰਮਣ, ਗਿਆਨੀ ਕੇਵਲ ਸਿੰਘ, ਡਾ. ਜੀ.ਪੀ.ਆਈ. ਸਿੰਘ ਅਤੇ ਡਾ. ਅਮਰ ਸਿੰਘ ਆਜ਼ਾਦ, ਪਟਿਆਲਾ ਨੇ ਕਿਹਾ ਕਿ ਗਰੀਨ ਮੈਨੀਫੈਸਟੋ ਦਾ ਮਕਸਦ ਪੰਜਾਬ ਦੇ ਚੌਗਿਰਦੇ ਨੂੰ ਜਿਉਂਦਾ-ਜਾਗਦਾ ਰੱਖਣਾ ਅਤੇ ਖੇਤੀ ਨੂੰ ਲਾਹੇਵੰਦ ਬਣਾਉਣਾ, ਜ਼ਮੀਨ ਹੇਠਲੇ ਪਾਣੀ, ਰੁੱਖਾਂ ਸਮੇਤ ਕੁਦਰਤੀ ਸੋਮਿਆਂ ਦਾ ਪੁਨਰ-ਉਥਾਨ, ਮੁੜ-ਵਿਕਾਸ ਅਤੇ ਸਾਂਭ-ਸੰਭਾਲ ਕਰਨਾ ਅਤੇ ਸੂਬੇ ਦੇ ਚੌਗਿਰਦੇ ਦੇ ਸੰਕਟ ਨੂੰ ਤੁਰੰਤ ਅਤੇ ਗੰਭੀਰਤਾ ਨਾਲ ਨਜਿੱਠਣਾ ਹੈ।

ਸੂਬੇ ਵਿਚ ਵਾਤਾਵਰਣ ਸਿੱਖਿਆ ਦਾ ਗੰਭੀਰਤਾ ਨਾਲ ਪ੍ਰਚਾਰ-ਪ੍ਰਸਾਰ ਕਰਕੇ ਵਾਤਾਵਰਨ ਦੀ ਸੁਰਜੀਤੀ ਕਰਨ ਅਤੇ ਇਸ ਨੂੰ ਜਿਉਂਦਾ ਜਾਗਦਾ ਰੱਖਣ ਲਈ ਮੱਧਕਾਲੀ ਅਤੇ ਦੀਰਘਕਾਲੀ ਜ਼ਮੀਨ ਤਿਆਰ ਕਰਨੀ। ਪੇਂਡੂ ਉਦਯੋਗਾਂ ਦਾ ਖੇਤੀ-ਆਧਾਰਿਤ, ਰੋਜ਼ਗਾਰ ਮੁਖੀ, ਪ੍ਰਦੂਸ਼ਣ ਰਹਿਤ ਅਤੇ ਕੁਦਰਤੀ ਸਰੋਤ-ਸੰਭਾਲ ਪੱਖੀ ਹੋਣਾ ਯਕੀਨੀ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਕੁਦਰਤੀ ਸਰੋਤਾਂ ਅਤੇ ਖੇਤੀ ਅਰਥਚਾਰੇ ਵਾਲਾ ਸੂਬਾ ਹੈ ਪਰ ਹੁਣ ਇਹ ਤੇਜ਼ੀ ਨਾਲ ਗੰਭੀਰ ਵਾਤਾਵਰਨ ਨਾਲ ਸਬੰਧਤ ਸਿਹਤ ਆਫ਼ਤਾਂ ਵੱਲ ਵੱਧ ਰਿਹਾ ਹੈ। ਪਾਣੀ ਦੇ ਘੱਟਦੇ ਪੱਧਰ ਦੇ ਨਾਲ-ਨਾਲ ਪਾਣੀ ਦਾ ਕੀਟਨਾਸ਼ਕਾਂ, ਨਾਈਟ੍ਰੇਟ ਅਤੇ ਦੂਜੀਆਂ ਰਾਸਾਇਣਿਕ ਖਾਦਾਂ ਨਾਲ ਪ੍ਰਦੂਸ਼ਿਤ ਹੋਣਾ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ।

ਆਗੂਆਂ ਨੇ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਇਸ ਮੈਨੀਫੈਸਟੋ ਨੂੰ ਹਰੇਕ ਪਾਰਟੀ ਕੋਲ ਲੈਕੇ ਜਾਇਆ ਜਾਵੇਗਾ ਤੇ ਕਿਹੜੀ ਪਾਰਟੀ ਇਸ ਉੱਤੇ ਅਮਲ ਕਰੇਗੀ ਇਸਦਾ ਮੁਲਾਂਕਣ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਵਿੱਚ ਵੀ ਇਹ ਗਰੀਨ ਮੇਨੀਫੋਸਟੋ ਲੈਕੇ ਜਾਇਆ ਜਾਵੇਗਾ। ਤਾਂਕਿ ਚੋਣਾਂ ਵਿੱਚ ਅਕਸਰ ਨਜ਼ਰਅੰਦਾਜ਼ ਕੀਤੇ ਜਾਂਦੇ ਸਿਹਤ, ਵਾਤਾਵਰਣ ਤੇ ਖੇਤੀਬਾੜੀ ਮਸਲੇ ਵੀ ਏਜੰਟਾ ਬਣਨ।