ਬਠਿੰਡਾ: ਰਾਮਾ ਮੰਡੀ ਦੀ ਅਨਾਜ ਮੰਡੀ ਵਿੱਚ ਅੱਜ ਅਜਿਹੇ ਧਰਮ ਕੰਡੇ ਨੂੰ ਕਾਬੂ ਕੀਤਾ ਗਿਆ ਜੋ ਇੱਕ ਤੋਲ ਕਰਨ ਪਿੱਛੇ 35 ਕਿੱਲੋ ਦਾ ਫਰਕ ਪਾ ਰਿਹਾ ਸੀ। ਇੱਥੇ ਰੌਚਕ ਗੱਲ ਇਹ ਹੈ ਕਿ ਇਸ ਧਰਮ ਕੰਡੇ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੂੰ 13-13 ਤੋਲਣ ਯਾਨੀ ਇਮਾਨਦਾਰੀ ਦੀ ਮਿਸਾਲ ਵਜੋਂ ਜਾਣਿਆ ਜਾਂਦਾ ਹੈ।

 

ਕਿਸਾਨ ਯੂਨੀਅਨ ਲੱਖੋਵਾਲ ਦੇ ਜਰਨਲ ਸਕੱਤਰ ਸਰੂਪ ਸਿੰਘ ਨੇ ਇਸ ਧਰਮ ਕੰਡੇ ਦਾ ਪਰਦਾਫਾਸ਼ ਕਰਦਿਆਂ ਦੱਸਿਆ ਕਿ ਇਹ ਕੰਡਾ ਲੰਮੇ ਸਮੇਂ ਤੋਂ ਕਿਸਾਨਾਂ ਦੀ ਜਿਣਸ ਘੱਟ ਤੋਲ ਕੇ ਲੁੱਟ ਰਿਹਾ ਸੀ। ਸ਼ਿਕਾਇਤ ਮਿਲਣ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਆ ਕੇ ਕੰਡੇ ਦੀ ਜਾਂਚ ਵੀ ਕੀਤੀ।

ਨਾਪਤੋਲ ਅਫ਼ਸਰ ਸ਼ਰੀਨ ਨੇ ਦੱਸਿਆ ਕਿ ਉਕਤ ਕੰਡਾ 10 ਟਨ ਵਿੱਚੋਂ 35 ਕਿੱਲੋ ਤੋਲ ਘੱਟ ਦਰਜ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਕੰਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਅਗਲੇ ਹੁਕਮਾਂ ਤਕ ਇੱਥੇ ਤੁਲਾਈ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾਵੇਗੀ।

ਦਰਅਸਲ, ਇਸ ਕੰਡੇ ਦੇ ਗੋਰਖਧੰਦੇ ਦਾ ਪਰਦਾਫ਼ਾਸ਼ ਉਦੋਂ ਹੋਇਆ ਜਦ ਹਰਦੇਵ ਸਿੰਘ ਨਾਂ ਦੇ ਕਿਸਾਨ ਨੇ ਆਪਣੀ ਜਿਣਸ ਇੱਥੇ ਤੁਲਵਾਈ। ਇੱਕ ਵਾਰ ਵਜ਼ਨ ਕਰਵਾਉਣ ਤੋਂ ਬਾਅਦ ਜਦ ਦੁਬਾਰਾ ਭਾਰ ਜੋਖਣ ਨੂੰ ਕਿਹਾ ਗਿਆ ਤਾਂ ਕੰਡਾ ਸੰਚਾਲਕ ਨੇ ਪੁਰਾਣੀ ਪਰਚੀ ਵਾਪਸ ਕਰਨ ਲਈ ਕਿਹਾ, ਪਰ ਕਿਸਾਨ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ।

ਜਦ ਕਿਸਾਨ ਨੂੰ ਦੁਬਾਰਾ ਕੰਡਾ ਕਰਕੇ ਦਿੱਤਾ ਤਾਂ ਪੁਰਾਣੀ ਪਰਚੀ ਤੇ ਨਵੀਂ ਪਰਚੀ ਦੇ ਵਜ਼ਨ ਵਿੱਚ 30 ਕਿੱਲੋ ਦਾ ਫਰਕ ਪਾਇਆ ਗਿਆ। ਫਿਲਹਾਲ ਪ੍ਰਸ਼ਾਸਨ ਤੇ ਕਿਸਾਨਾਂ ਨੇ ਮਿਲ ਕੇ ਇਸ ਕੰਡੇ ਦਾ ਕੰਡਾ ਕੱਢ ਦਿੱਤਾ ਹੈ।