ਚੰਡੀਗੜ੍ਹ: ਕਿਸਾਨਾਂ ਲਈ ਇੱਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ। ਦੂਜੇ ਸੂਬਿਆਂ ਵਿੱਚ ਗਈਆਂ ਕੰਬਾਈਨਾਂ ਉੱਥੇ ਹੀ ਫਸ ਗਈਆਂ ਹਨ। ਰਿਪੋਰਟਾਂ ਮਿਲੀਆਂ ਹਨ ਕਿ ਕਈ ਸੂਬਿਆਂ ਦੇ ਅਫਸਰ ਵੀ ਕੰਬਾਈਨ ਮਾਲਕਾਂ ਨੂੰ ਉੱਥੇ ਹੀ ਫਸਲਾਂ ਕੱਟਣ ਲਈ ਮਜਬੂਰ ਕਰ ਰਹੇ ਹਨ। ਪੰਜਾਬ ਵਿੱਚ ਵਾਢੀ ਸ਼ੁਰੂ ਹੋ ਗਈ ਹੈ। ਇਸ ਵਾਰ ਸਾਰਾ ਪਰਵਾਸੀ ਮਜ਼ਦੂਰਾਂ ਦੀ ਘਾਟ ਕਰਕੇ ਕੰਬਾਈਨਾਂ 'ਤੇ ਹੀ ਟੇਕ ਹੈ। ਅਜਿਹੇ ਵਿੱਚ ਬਾਹਰਲੇ ਸੂਬਿਆਂ ਵਿੱਚ ਕੰਬਾਈਨਾਂ ਫਸਣ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ।


ਇਸ ਦੀ ਪੁਸ਼ਟੀ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਵੀ ਕੀਤੀ ਹੈ। ਸਰਕਾਰ ਨੇ ਤਿੰਨ ਸੀਨੀਅਰ ਅਧਿਕਾਰੀਆਂ ਉੱਤੇ ਆਧਾਰਤ ਕੰਬਾਈਨਾਂ ਸਬੰਧੀ ਸਮੱਸਿਆਵਾਂ ਲਈ ਕੰਟਰੋਲ ਰੂਮ ਬਣਾਇਆ ਹੈ। ਕੰਟਰੋਲ ਰੂਮ ਨੂੰ ਰੋਜ਼ਾਨਾ ਲਗਪਗ ਚਾਰ ਸੌ ਫੋਨ ਕਾਲਾਂ ਆ ਰਹੀਆਂ ਹਨ। ਪੰਜਾਬ ਦੀਆਂ ਕੰਬਾਈਨਾਂ ਮੱਧ ਪ੍ਰਦੇਸ਼, ਰਾਜਸਥਾਨ, ਆਂਧਰਾ ਪ੍ਰਦੇਸ਼, ਉੜੀਸਾ, ਝਾਰਖੰਡ, ਮਹਾਰਾਸ਼ਟਰ, ਗੁਜਰਾਤ, ਤਿਲੰਗਾਨਾ ਤੇ ਕਰਨਾਟਕ ਤੱਕ ਗਈਆਂ ਹਨ। ਇਨ੍ਹਾਂ ਸਾਰੇ ਸੂਬਿਆਂ ਤੋਂ ਫਸੇ ਪੰਜਾਬੀਆਂ ਦੇ ਫੋਨ ਆ ਰਹੇ ਹਨ।

ਪਤਾ ਲੱਗਾ ਹੈ ਕਿ ਕੰਬਾਈਨ ਮਾਲਕ ਵਾਪਸ ਮੁੜਨ ਲਈ ਕਾਹਲੇ ਹਨ ਪਰ ਉਨ੍ਹਾਂ ਨੂੰ ਦੂਜੇ ਸੂਬਿਆਂ ਦੇ ਅਧਿਕਾਰੀਆਂ ਨੇ ਰੋਕਿਆ ਹੋਇਆ ਹੈ। ਮੱਧ ਪ੍ਰਦੇਸ਼ ਤੋਂ ਚੱਲੀਆਂ ਕੰਬਾਈਨਾਂ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਡੀਸੀ ਦੇ ਜ਼ੁਬਾਨੀ ਹੁਕਮਾਂ ਤਹਿਤ ਰੋਕ ਲਈਆਂ ਗਈਆਂ ਹਨ। ਉਨ੍ਹਾਂ ਨੂੰ ਪਹਿਲਾਂ ਉੱਥੋਂ ਦੀ ਵਾਢੀ ਮੁਕਾ ਕੇ ਆਉਣ ਦੀ ਹਦਾਇਤ ਹੈ। ਇਸ ਤੋਂ ਇਲਾਵਾ ਤਿੰਨ ਹਜ਼ਾਰ ਤੋਂ ਵੱਧ ਡਰਾਈਵਰ ਜਾਂ ਕੰਬਾਈਨਾਂ ਦਾ ਕੰਮ ਕਰਨ ਵਾਲੇ ਪੰਜਾਬੀ ਕਿਰਤੀ ਟਰਾਂਸਪੋਰਟ ਦਾ ਕੋਈ ਸਾਧਨ ਨਾ ਹੋਣ ਕਰ ਕੇ ਫਾਕੇ ਕੱਟਣ ਲਈ ਮਜਬੂਰ ਹਨ।