Haryana and Punjab weather: ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਠੰਢ ਬਹੁਤ ਵਧ ਗਈ ਹੈ। ਇਸ ਦੇ ਨਾਲ ਹੀ ਹਰਿਆਣਾ ਤੇ ਪੰਜਾਬ ਵਿੱਚ ਵੀ ਠੰਢ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ ਇਕਦਮ ਹੇਠਾਂ ਡਿੱਗ ਗਿਆ ਹੈ ਜਿਸ ਕਾਰਨ ਠੰਢ ਵਧ ਗਈ ਹੈ। ਬੇਸ਼ੱਕ ਦਿਨ 'ਚ ਸੂਰਜ ਨਿਕਲਦਾ ਹੈ, ਇਸ ਦੇ ਬਾਵਜੂਦ ਦਿਨ ਵੇਲੇ ਠੰਢ ਤੋਂ ਕੁਝ ਰਾਹਤ ਮਿਲਦੀ ਹੈ ਪਰ ਰਾਤ ਨੂੰ ਸੂਬੇ 'ਚ ਪਾਰਾ 10 ਤੋਂ ਹੇਠਾਂ ਪਹੁੰਚ ਜਾਂਦਾ ਹੈ।
ਹਰਿਆਣਾ 'ਚ ਦਿਨ ਵਿੱਚ ਧੁੱਪ ਪਰ ਰਾਤ ਨੂੰ ਠੰਢ
ਹਰਿਆਣਾ ਨੂੰ ਵੀ ਕੋਹਰੇ ਅਤੇ ਧੁੰਦ ਨੇ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਵਿਜ਼ੀਬਿਲਟੀ ਘਟਣੀ ਸ਼ੁਰੂ ਹੋ ਗਈ ਹੈ। ਦਿਨ ਵੇਲੇ ਮੌਸਮ ਸਾਫ਼ ਰਹਿੰਦਾ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਸਵੇਰ ਵੇਲੇ ਧੁੰਦ ਦਾ ਪੱਧਰ ਹੋਰ ਵਧ ਜਾਵੇਗਾ। ਅੰਬਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਜਦੋਂ ਕਿ ਸੂਬੇ ਦੇ ਸਿਰਸਾ ਵਿੱਚ ਘੱਟੋ-ਘੱਟ ਤਾਪਮਾਨ 24 ਅਤੇ ਘੱਟੋ-ਘੱਟ ਤਾਪਮਾਨ 6, ਕਰਨਾਲ, ਰੋਹਤਕ ਅਤੇ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 24 ਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਡਿੱਗੇਗਾ ਤੇ ਮੌਸਮ ਜ਼ਿਆਦਾਤਰ ਅਜਿਹਾ ਹੀ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਹਰਿਆਣਾ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਮੱਧਮ ਸ਼੍ਰੇਣੀ ਵਿੱਚ ਹੈ।
ਪੰਜਾਬ 'ਚ ਪਾਰਾ 10 ਤੋਂ ਹੇਠਾਂ
ਪੰਜਾਬ ਵਿੱਚ ਵੀ ਠੰਢ ਮਹਿਸੂਸ ਹੋ ਰਹੀ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਪਾਰਾ 10 ਤੋਂ ਹੇਠਾਂ ਆ ਗਿਆ ਹੈ। ਆਉਣ ਵਾਲੇ ਦਿਨਾਂ 'ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਕ ਕੜਾਕੇ ਦੀ ਠੰਢ ਮਹਿਸੂਸ ਕਰਨਗੇ। ਹਾਲਾਂਕਿ ਪੰਜਾਬ 'ਚ ਵੀ ਜ਼ਿਆਦਾਤਰ ਥਾਵਾਂ 'ਤੇ ਮੌਸਮ ਸਾਫ ਰਹਿਣ ਅਤੇ ਧੁੱਪ ਨਿਕਲਣ ਦੀ ਸੰਭਾਵਨਾ ਹੈ ਪਰ ਇਸ ਦੇ ਨਾਲ ਠੰਢ ਵੀ ਵਧੇਗੀ।
ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੌਸਮ ਸਾਫ਼ ਰਹੇਗਾ। ਇਸ ਦੇ ਨਾਲ ਹੀ ਇਸ ਹਫ਼ਤੇ ਦੇ ਅੰਤ ਤੱਕ ਵੱਧ ਤੋਂ ਵੱਧ ਪਾਰਾ 21 ਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜਲੰਧਰ ਵਿੱਚ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਅਤੇ ਘੱਟੋ ਘੱਟ ਤਾਪਮਾਨ 8 ਡਿਗਰੀ ਰਹਿਣ ਦੀ ਸੰਭਾਵਨਾ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ 'ਚ ਹਵਾ ਦੀ ਗੁਣਵਤਾ ਮੱਧ ਤੋਂ ਖਰਾਬ ਸ਼੍ਰੇਣੀ 'ਚ ਹੈ।
ਪਹਾੜਾਂ 'ਚ ਲੋਕ ਠਰ੍ਹੇ
ਜੰਮੂ-ਕਸ਼ਮੀਰ 'ਚ ਮੀਂਹ ਅਤੇ ਬਰਫਬਾਰੀ ਦਾ ਅਸਰ ਅਜੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿਨ ਵੇਲੇ ਮੌਸਮ ਸਾਫ਼ ਹੋਣ ਦੇ ਬਾਵਜੂਦ ਕੜਾਕੇ ਦੀ ਠੰਢ ਪੈ ਰਹੀ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਜ਼ਿਲਿਆਂ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ।
ਗੁਲਮਰਗ 'ਚ ਪੈ ਰਹੀ ਕੜਾਕੇ ਦੀ ਠੰਢ
ਦੂਜੇ ਪਾਸੇ ਜੰਮੂ-ਕਸ਼ਮੀਰ ਦਾ ਗੁਲਮਰਗ ਸਭ ਤੋਂ ਠੰਢਾ ਹੋ ਰਿਹਾ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 2 ਅਤੇ ਘੱਟੋ-ਘੱਟ ਤਾਪਮਾਨ -7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਹਫ਼ਤੇ ਤਾਪਮਾਨ ਇਹੀ ਰਹਿਣ ਵਾਲਾ ਹੈ। ਜੰਮੂ ਡਿਵੀਜ਼ਨ ਦੇ ਮੁਕਾਬਲੇ ਕਸ਼ਮੀਰ ਡਿਵੀਜ਼ਨ ਵਿੱਚ ਠੰਢ ਵੱਧ ਰਹੀ ਹੈ।
ਪਿਛਲੇ ਕਰੀਬ ਇੱਕ ਮਹੀਨੇ ਤੋਂ ਘੱਟੋ-ਘੱਟ ਤਾਪਮਾਨ ਕਈ ਵਾਰ ਜ਼ੀਰੋ ਤੋਂ ਹੇਠਾਂ ਰਿਹਾ ਪਰ ਅੱਧ ਵਿਚਕਾਰ ਬੱਦਲਵਾਈ ਰਹਿਣ ਨਾਲ ਘੱਟੋ-ਘੱਟ ਤਾਪਮਾਨ ਵਧ ਗਿਆ ਸੀ। ਮੀਂਹ ਅਤੇ ਬਰਫਬਾਰੀ ਤੋਂ ਬਾਅਦ ਫਿਰ ਤੋਂ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਹੈ।
ਇਹ ਵੀ ਪੜ੍ਹੋ: ਤੁਹਾਡੇ ਘਰ 'ਚ ਮੌਜੂਦ ਮੂੰਹ ਦੇ ਛਾਲਿਆਂ ਦਾ ਇਲਾਜ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/