Monsoon Season - ਅਮਰੂਦ ਦੇ ਫਲ ਵਿਚ ਸੰਤਰੇ ਤੇ ਨਿੰਬੂ ਜਾਤੀ ਦੇ ਫਲਾਂ ਨਾਲੋਂ ਜ਼ਿਆਦਾ ਮਾਤਰਾ 'ਚ ਵਿਟਾਮਿਨ-ਸੀ ਹੁੰਦਾ ਹੈ। ਅਮਰੂਦ ਵਿਚ ਖ਼ੁਰਾਕੀ ਤੱਤਾਂ ਦੀ ਮੌਜੂਦਗੀ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਬਰਸਾਤ ਰੁੱਤ ਦੇ ਅਮਰੂਦਾਂ ਨੂੰ ਫਲ ਦੀ ਮੱਖੀ ਦੇ ਹਮਲੇ ਤੋਂ ਬਚਾਇਆ ਜਾਵੇ।

ਦੱਸ ਦਈਏ ਬਰਸਾਤ ਦੇ ਮੌਸਮ ਵਿਚ ਫਲਾਂ ਉੱਪਰ ਫਲ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜਿਸ ਨਾਲ ਬਾਗ਼ਾਂ ਅਤੇ ਘਰੇਲੂ ਪੱਧਰ 'ਤੇ ਲਗਾਏ ਗਏ ਅਮਰੂਦ ਦੇ ਬੂਟਿਆਂ 'ਤੇ ਲੱਗੇ ਫਲ ਕੀੜਿਆਂ ਦੇ ਹਮਲੇ ਨਾਲ ਖਾਣਯੋਗ ਨਹੀਂ ਰਹਿੰਦੇ। ਫਲ ਦੀ ਮੱਖੀ ਅਮਰੂਦ ਦਾ ਬਹੁਤ ਹਾਨੀਕਾਰਕ ਕੀੜਾ ਹੈ ਤੇ ਇਸ ਦਾ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ। ਅਮਰੂਦ ਵਿਚ ਫਲ ਦਾ ਰੰਗ ਬਦਲਣ ਸਮੇਂ ਫਲ ਦੀ ਮੱਖੀ ਨਰਮ ਛਿਲਕੇ 'ਤੇ ਆਂਡੇ ਦਿੰਦੀ ਹੈ।


ਆਂਡਿਆਂ 'ਚੋਂ ਬੱਚੇ ਨਿਕਲਣ ਤੋਂ ਬਾਅਦ ਇਹ ਫਲਾਂ 'ਚ ਛੇਕ ਕਰ ਕੇ ਅੰਦਰ ਚਲੇ ਜਾਂਦੇ ਹਨ ਤੇ ਨਰਮ ਗੁੱਦਾ ਖਾਂਦੇ ਹਨ। ਹਮਲੇ ਵਾਲੇ ਫਲ ਧਸੇ ਹੋਏ ਤੇ ਕਾਲੀਆਂ-ਹਰੀਆਂ ਮੋਰੀਆਂ ਵਾਲੇ ਦਿਸਦੇ ਹਨ। ਕੱਟ ਕੇ ਦੇਖਣ 'ਤੇ ਫਲ ਦੇ ਅੰਦਰ ਬੇਸ਼ੁਮਾਰ ਸੁੰਡੀਆਂ ਨਜ਼ਰ ਆਉਂਦੀਆਂ ਹਨ। ਮੱਖੀ ਦੇ ਹਮਲੇ ਵਾਲੇ ਫਲ ਗਲ਼ ਕੇ ਹੇਠਾਂ ਡਿੱਗ ਪੈਂਦੇ ਹਨ ਤੇ ਇਹ ਕੀੜੇ ਦਰੱਖਤ ਹੇਠਾਂ ਜ਼ਮੀਨ 'ਚ ਪਲਦੇ ਰਹਿੰਦੇ ਹਨ ਤੇ ਕੋਏ ਬਣਾ ਲੈਂਦੇ ਹਨ ਜੋ ਅਗਲੇ ਸਾਲ ਫਲਾਂ ਦਾ ਮੁੜ ਨੁਕਸਾਨ ਕਰਦੇ ਹਨ।


ਪੱਕੇ ਹੋਏ ਫਲਾਂ ਨੂੰ ਬੂਟੇ ਉੱਪਰ ਜ਼ਿਆਦਾ ਦੇਰ ਤਕ ਨਾ ਰਹਿਣ ਦਿਉ। ਮੱਖੀ ਦੇ ਹਮਲੇ ਵਾਲੇ ਡਿੱਗੇ ਹੋਏ ਫਲਾਂ ਨੂੰ ਲਗਾਤਾਰ ਚੁਣ ਕੇ ਜ਼ਮੀਨ ਵਿਚ ਘੱਟੋ-ਘੱਟ 60 ਸੈਂਟੀਮੀਟਰ ਡੂੰਘੇ ਦੱਬ ਦੇਵੋ। ਫ਼ਸਲ ਦੀ ਤੁੜਾਈ ਤੋਂ ਤਰੁੰਤ ਬਾਅਦ ਬਾਗ਼ ਦੀ 4-6 ਸੈਂਟੀਮੀਟਰ ਡੂੰਘੀ ਹਲਕੀ ਵਹਾਈ ਕਰੋ ਤਾਂ ਜੋ ਮੱਖੀ ਦੀਆਂ ਸੁੰਡੀਆਂ ਜ਼ਮੀਨ ਤੋਂ ਬਾਹਰ ਆ ਕੇ ਮਰ ਜਾਣ। ਫਲ ਦੀਆਂ ਮੱਖੀਆਂ ਦੀ ਰੋਕਥਾਮ ਲਈ ਜੁਲਾਈ ਦੇ ਪਹਿਲੇ ਪੰਦਰਵਾੜੇ ਦੌਰਾਨ ਬਾਗ਼ ਵਿਚ ਪੀਏਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਓ। ਬੂਟਿਆਂ ਨੂੰ ਸਿਫ਼ਾਰਸ਼ ਮਾਤਰਾ ਵਿਚ ਹੀ ਖਾਦ ਪਾਓ। ਬਾਗ਼ ਦਾ ਆਲਾ-ਦੁਆਲਾ ਸਾਫ਼-ਸੁਥਰਾ ਰੱਖੋ।


 ਘਰੇਲੂ ਪੱਧਰ 'ਤੇ ਲਗਾਏ ਗਏ ਅਮਰੂਦਾਂ ਦੇ ਬੂਟਿਆਂ ਨੂੰ ਫਲ ਦੀ ਮੱਖੀ ਤੋਂ ਬਚਾਉਣ ਲਈ ਉਕਤ ਵਿਧੀਆਂ ਦਾ ਜ਼ਿਆਦਾ ਫ਼ਾਇਦਾ ਨਹੀ ਹੁੰਦਾ ਤੇ ਕਈ ਵਾਰ ਬਰਸਾਤ ਰੁੱਤ ਦੇ ਸਾਰੇ ਅਮਰੂਦ ਕਾਣੇ ਹੋ ਜਾਂਦੇ ਹਨ। ਇਸ ਲਈ ਘਰੇਲੂ ਪੱਧਰ 'ਤੇ ਲੱਗੇ ਅਮਰੂਦਾਂ ਤੋਂ ਬਰਸਾਤ ਰੁੱਤ ਵਿਚ ਕੀੜਾ ਰਹਿਤ ਵਧੀਆ ਫਲ ਪ੍ਰਾਪਤ ਕਰਨ ਲਈ ਇਕੱਲੇ-ਇਕੱਲੇ ਫਲ ਉੱਪਰ ਖਾਸ ਤਰ੍ਹਾਂ ਦੇ ਲਿਫ਼ਾਫ਼ੇ ਚੜ੍ਹਾ ਕੇ ਮੱਖੀ ਦੇ ਹਮਲੇ ਦੀ ਰੋਕਥਾਮ ਕੀਤੀ ਜਾ ਸਕਦੀ ਹੈ।


ਲਿਫ਼ਾਫ਼ਾ ਚੜ੍ਹਾਉਣ ਸਮੇ ਫਲ ਪੂਰੇ ਵੱਡੇ ਤੇ ਸਖ਼ਤ-ਹਰੇ ਹੋਣੇ ਚਾਹੀਦੇ ਹਨ। ਲਿਫ਼ਾਫ਼ਾ ਚੜ੍ਹਾਉਣ ਉਪਰੰਤ ਇਸ ਨੂੰ ਇਸ ਤਰ੍ਹਾਂ ਬੰਦ ਕਰੋ ਕਿ ਫਲ ਦੀ ਮੱਖੀ ਅੰਦਰ ਨਾ ਜਾ ਸਕੇ। ਪਹਿਲਾਂ ਤੋਂ ਮੱਖੀ ਦੇ ਆਂਡਿਆਂ ਨਾਲ ਗ੍ਰੱਸੇ ਹੋਏ ਫਲਾਂ ਉੱਪਰ ਲਿਫ਼ਾਫ਼ੇ ਚੜ੍ਹਾਉਣ ਦਾ ਕੋਈ ਫ਼ਇਦਾ ਨਹੀ ਹੋਵੇਗਾ। ਅਜਿਹੇ ਫਲ ਲਿਫ਼ਾਫ਼ਿਆਂ ਅੰਦਰ ਖ਼ਰਾਬ ਹੋ ਜਾਣਗੇ। ਧਿਆਨ ਰਹੇ ਕਿ ਲਿਫ਼ਾਫ਼ਿਆਂ ਵਿਚ ਬਰਸਾਤ ਦਾ ਪਾਣੀ ਨਹੀਂ ਜਮਾਂ ਹੋਣਾ ਚਾਹੀਦਾ। ਲਿਫ਼ਾਫ਼ਾ ਚੜ੍ਹਾਏ ਫਲਾਂ ਨੂੰ ਰੰਗ ਬਦਲਣ ਦੀ ਅਵਸਥਾ 'ਤੇ ਤੋੜ ਲਵੋ। ਇਹ ਵੀ ਧਿਆਨ ਰੱਖੋ ਕਿ ਅਮਰੂਦਾਂ ਦੇ ਬੂਟਿਆਂ ਨੂੰ ਜ਼ਿਆਦਾ ਉੱਚਾ ਨਾ ਜਾਣ ਦਿਉ ਤਾਂ ਕਿ ਘਰੇਲੂ ਪੱਧਰ ਤੇ ਦੋਵਾਂ ਮੌਸਮਾਂ ਦਾ ਫਲ ਲਿਆ ਜਾ ਸਕੇ ਅਤੇ ਬੂਟਿਆਂ ਦੀ ਸਾਂਭ-ਸੰਭਾਲ ਵੀ ਸੌਖਿਆਂ ਹੋ ਸਕੇ। ਬੂਟਿਆਂ ਦਾ ਅਕਾਰ ਸੀਮਤ ਕਰਨ ਲਈ ਮਾਰਚ ਮਹੀਨੇ ਬੂਟਿਆਂ ਦੀ ਕਾਂਟ-ਛਾਂਟ ਕੀਤੀ ਜਾ ਸਕਦੀ ਹੈ।