Agriculture : ਜਿੱਥੇ ਮਸ਼ੀਨੀ ਯੁੱਗ ਨੇ ਖੇਤੀਬਾੜੀ ਦੇ ਧੰਦਿਆਂ  ਨੂੰ ਸੁਖਾਲਾ ਕੀਤਾ ਹੈ, ਛੋਟੇ-ਛੋਟੇ ਧੰਦਿਆਂ ਨੂੰ ਖਾ ਗਿਆ ਹੈ। ਕਈ ਧੰਦੇ ਦਾ ਨਾਮੋ-ਨਿਸ਼ਾਨ ਹੀ ਮਿਟ ਗਿਆ ਹੈ। ਇਉਂ ਲੱਗਣ ਲੱਗ ਪਿਆ ਹੈ ਕਿ ਜਿਵੇਂ ਇਹ ਧੰਦੇ ਕਦੇ ਹੁੰਦੇ ਹੀ ਨਹੀਂ ਸਨ। ਥੋੜ੍ਹਾ ਪਿਛਲੇ ਸਮੇਂ ਵੱਲ ਝਾਤ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕਣਕ ਦੀ ਵਾਢੀ ਵੱਢਣ ਦਾ ਕੰਮ ਕਿਸੇ ਸਮੇਂ ਸਾਰੇ ਦਾ ਸਾਰਾ ਹੀ ਹੱਥੀਂ ਦਾਤੀ ਨਾਲ ਕੀਤਾ ਜਾਂਦਾ ਸੀ। ਇਹ ਕੰਮ ਕਿਸਾਨ, ਮਜ਼ਦੂਰ ਅਤੇ ਔਰਤਾਂ ਰਲ ਕੇ ਕਰਦੇ ਸਨ। ਵਾਢੀ ਦੇ ਕਈ ਦਿਨਾਂ ਤੱਕ ਚੱਲਣ ਵਾਲੇ ਕੰਮ ਨੂੰ ਬੰਦੇ ਇਕ ਦੂਜੇ ਨਾਲ਼ ਲੱਗ ਕੇ ਵਾਰੋ-ਵਾਰੀ ਕਰ ਲੈਂਦੇ ਸਨ। ਇਸ ਨੂੰ ‘ਵਿੜ੍ਹੀ’ ਵੀ ਆਖਿਆ ਜਾਂਦਾ ਸੀ। ਵਾਢੀ ਲਈ ‘ਮੰਗ’ ਪਾਉਣ ਦਾ ਰਿਵਾਜ ਵੀ ਹੁੰਦਾ ਸੀ


 


ਇਸਤੋਂ ਇਲਾਵਾ ਕਣਕ ਦੀ ਕਢਾਈ ਲਈ ਮਨੁੱਖਾਂ ਦੁਆਰਾ ਪਸ਼ੂਆਂ ਦੀ ਵੀ ਮੱਦਦ ਲਈ ਜਾਂਦੀ ਸੀ। ਵਾਢੀ ਦੇ ਕੰਮ ਦਾ ਜਦ ਮਸ਼ੀਨੀਕਰਨ ਹੋਇਆ ਤਾਂ ਪਹਿਲਾਂ ਲੋਹੇ ਦੀ ਬਣੀ ਡਰੰਮੀ ਆਈ। ਇਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਕਣਕ ਦੀ ਕਢਾਈ ਦਾ ਕੰਮ ਹੱਥਾਂ ਦੀ ਬਜਾਏ ਕੁਝ ਕੁ ਸੁਖਾਲਾ ਹੋ ਗਿਆ ਸੀ। ਵਾਢੀ ਲਈ ਲੋਕ ਦਾਤੀਆਂ ਦੇ ਦੰਦੇ ਕਢਵਾ ਕੇ ਲਿਆਉਂਦੇ। ਆਮ ਕਰਕੇ ਪਿੰਡਾਂ ’ਚ ਇਹ ਕੰਮ ਮਿਸਤਰੀ ਬਰਾਦਰੀ ਦੇ ਪਰਿਵਾਰ ਕਰਦੇ ਸਨ। ਮਿਸਤਰੀਆਂ ਨਾਲ ਕਿਸਾਨਾਂ ਦੀ ਸੇਪੀ ਹੁੰਦੀ ਸੀ। ਹਾੜੀ-ਸਾਉਣੀ ਉਨ੍ਹਾਂ ਨੂੰ ਕੰਮ ਕਰਨ ਦੇ ਬਦਲੇ ’ਚ ਦਾਣੇ ਦਿੱਤੇ ਜਾਂਦੇ ਸਨ। ਇਉਂ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ। ਬੇਜ਼ਮੀਨੇ ਮਿਸਤਰੀ ਪਰਿਵਾਰਾਂ ਨੂੰ ਪਸ਼ੂਆਂ ਲਈ ਪੱਠੇ ਵੱਢਣ ਦੀ ਵੀ ਕਿਸਾਨ ਪੂਰੀ ਖੁੱਲ੍ਹ ਦਿੰਦੇ ਸਨ।


ਨਾਲ ਹੀ ਹਲ, ਪੰਜਾਲੀ ਅਤੇ ਹੋਰ ਖੇਤੀ ਸੰਦਾਂ ਦੀ ਥੋੜ੍ਹੀ-ਬਹੁਤੀ ਟੁੱਟ-ਭੱਜ ਦਾ ਕੰਮ ਮਿਸਤਰੀ ਪਰਿਵਾਰਾਂ ਦੇ ਮੈਂਬਰ ਕਰਿਆ ਕਰਦੇ ਸਨ। ਘਰਾਂ ਅਤੇ ਪਸ਼ੂਆਂ ਨਾਲ ਸਬੰਧਿਤ ਨਿੱਕੇ-ਨਿੱਕੇ ਹੋਰ ਵੀ ਕਈ ਕੰਮ ਜਿਵੇਂ ਪੀੜ੍ਹੀਆਂ, ਮੰਜੇ ਆਦਿ ਮੁਰੰਮਤ ਵੀ ਇਨ੍ਹਾਂ ਨੂੰ ਕਰਨੇ ਪੈਂਦੇ ਸਨ। ਸੀਜ਼ਨ ’ਚ ਦਾਤੀਆਂ ਦੇ ਦੰਦੇ ਕਢਾਉਣ ਵਾਲਿਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਸਨ ਅਤੇ ਹਰ ਕੋਈ ਖੇਤ ਜਾਣ ਨੂੰ ਕਾਹਲਾ ਹੁੰਦਾ ਸੀ। ਫਿਰ ਇਕ ਸਮਾਂ ਅਜਿਹਾ ਆਇਆ ਜਦ ਕਿਸਾਨਾਂ ਨੇ ਹੱਥੀਂ ਵਾਢੀ ਵੱਢਣ ਦਾ ਕੰਮ ਪੇਂਡੂ ਖੇਤ ਮਜ਼ਦੂਰਾਂ ਦੇ ਆਸਰੇ ਛੱਡ ਦਿੱਤਾ। ਮਜ਼ਦੂਰ ਆਪਣੀਆਂ ਔਰਤਾਂ, ਬੱਚਿਆਂ ਸਮੇਤ ਠੇਕੇ ’ਤੇ ਵਾਢੀ ਕਰਨ ਲੱਗ ਪਏ। ਇਨ੍ਹਾਂ ਨੂੰ ਮਿਹਨਤਾਨੇ ਵਜੋਂ ਕਣਕ ਅਤੇ ਤੂੜੀ ਦਿੱਤੀ ਜਾਣ ਲੱਗੀ। ਵਾਢੀ ਲਈ ਜਦ ਥਰੈਸ਼ਰ ਇਸ ਨੂੰ ਮਾਲਵੇ ’ਚ ਹੜੰਬਾ ਵੀ ਕਹਿਦੇ ਸਨ ਆਇਆ ਤਾਂ ਸ਼ਹਿਰਾਂ ’ਚ ਦੰਦੇ ਕੱਢਣ ਵਾਲੀਆਂ ਦੁਕਾਨਾਂ ਖੁੱਲ੍ਹ ਗਈਆਂ। ਇਨ੍ਹਾਂ ਤੋਂ ਮਜ਼ਦੂਰ ਆਪਣੀਆਂ ਦਾਤੀਆਂ ਦੇ ਦੰਦੇ ਕਢਵਾਉਂਦੇ। ਹੜੰਬਿਆਂ ਵਾਲੇ ਟੋਕਿਆਂ ਦੇ ਦੰਦੇ ਕਢਵਾਉਂਦੇ। ਸਾਰਾ ਦਿਨ ਚੱਲਦੇ ਥਰੈਸ਼ਰ ਦੇ ਟੋਕਿਆਂ ਦੀਆਂ ਦੀਆਂ ਇਕ ਦਿਨ ’ਚ ਕਰੀਬ 4 ਜੋੜੀਆਂ ਬਦਲੀਆਂ ਜਾਂਦੀਆਂ। ਇਉਂ ਕਣਕ ਦੇ ਸੀਜ਼ਨ ’ਚ ਦੰਦੇ ਕੱਢਣ ਵਾਲਿਆਂ ਦਾ ਰੁਜ਼ਗਾਰ ਚੱਲਦਾ।


ਕਣਕ ਦੀ ਵਾਢੀ ਤੋਂ ਪਹਿਲਾਂ ਥਰੈਸ਼ਰ ਬਣਾਉਣ ਵਾਲੇ ਕਾਰੀਗਰ, ਮਕੈਨਿਕ ਨਵੇਂ-ਨਵੇਂ ਥਰੈਸ਼ਰ ਬਣਾ ਕੇ ਆਪਣੀਆਂ ਦੁਕਾਨਾਂ ਅੱਗੇ ਸਜਾਉਂਦੇ। ਪੰਜਾਬ ਭਰ ’ਚ ਭਗਤਾ ਭਾਈ ਦੇ ਥਰੈਸ਼ਰਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ ਹਾਸਲ ਹੋਈ। ਛੋਟੇ ਕਿਸਾਨ ਕੰਬਾਈਨਾਂ ਨਾਲ ਕਟਾਈ ਕਰਵਾਉਣ ਤੋਂ ਗੁਰੇਜ਼ ਕਰਦੇ ਸਨ ਅਤੇ ਚੰਗੀ ਤੇ ਜ਼ਿਆਦਾ ਤੂੜੀ ਬਣਾਉਣ ਲਈ ਉਹ ਮਜ਼ਦੂਰਾਂ ਤੋਂ ਵਾਢੀ ਦਾਤੀ ਨਾਲ ਕਰਵਾਉਂਦੇ। ਕਢਾਈ ਦਾ ਕੰਮ ਥਰੈਸ਼ਰ ਤੋਂ ਲੈਂਦੇ ਸਨ। ਖੇਤੀ ਦੇ ਧੰਦੇ ’ਚ ਜਦ ਤੂੜੀ ਬਣਾਉਣ ਵਾਲਾ ਰੀਪਰ ਆਇਆ ਤਾਂ ਕਿਸਾਨਾਂ ਦੀ ਪਹਿਲੀ ਪਸੰਦ ਕੰਬਾਈਨਾਂ ਅਤੇ ਰੀਪਰ ਬਣ ਗਏ। ਦੰਦੇ ਕੱਢਣ ਅਤੇ ਥਰੈਸ਼ਰ ਦਾ ਧੰਦਾ ਹੌਲ਼ੀ-ਹੌਲੀ ਖ਼ਤਮ ਹੋ ਗਿਆ। ਇਵੇਂ ਹੀ ਪਿੰਡਾਂ ’ਚ ਥਾਂ ਪੁਰ ਥਾਂ ਜਾ ਕੇ ਗੱਡੀਆਂ ਵਾਲੇ ਜੋ ਕਿ ਹੱਥੀਂ ਲੋਹੇ ਦਾ ਕੰਮ ਕਰਨ ਅਤੇ ਸੰਦ ਬਣਾਉਣ ਲਈ ਮਾਹਿਰ ਹੁੰਦੇ ਸਨ, ਉਨ੍ਹਾਂ ਕੋਲੋਂ ਕਿਸਾਨ ਵਿਹਲੇ ਸੀਜ਼ਨ ’ਚ ਕਈ ਤਰ੍ਹਾਂ ਦੇ ਸੰਦ ਬੜੇ ਚਾਅ ਨਾਲ ਬਣਵਾਉਂਦੇ ਅਤੇ ਖੇਤੀ ਕੰਮਾਂ ’ਚ ਵਰਤਣ ਸਮੇਂ ਮਾਣ ਮਹਿਸੂਸ ਕਰਦੇ ਸਨ।